ਅਮਰਜੀਤ ਟਾਂਡਾ ਦੀਆਂ ਦੋ ਕਵਿਤਾਵਾਂ
Posted on:- 22-01-2016
ਰੁੱਖ ਨਹੀਂ ਕਿਤੇ ਦਿਸਦੇ
ਰੁੱਖ ਨਹੀਂ ਕਿਤੇ ਦਿਸਦੇ
ਕਤਲ ਹੋ ਗਏ ਹਨ
ਬਚੇ ਹੋਏ ਪਰਿੰਦੇ
ਆਲ੍ਹਣੇ ਲੱਭ ਰਹੇ ਹਨ-
ਘਰਾਂ ਚ ਚਿੜ੍ਹੀਆਂ
ਦੀ ਚੀਂ ਚੀਂ ਨਹੀਂ ਸੁਣਦੀ
ਬੱਚੀਆਂ ਦੀਆਂ ਲਾਸ਼ਾਂ ਤਾਂ
ਸੜਕਾਂ ਤੇ ਪਈਆਂ ਨੇ ਲਹੂ 'ਚ ਲੱਥਪੱਥ
ਬਾਪੂ ਨੂੰ ਉਡੀਕਦੀਆਂ
ਤੁਸੀਂ ਕੁੱਖਾਂ ਦੀ ਗੱਲ ਕਰਦੇ ਹੋ?
ਲੱਖ ਧੀਆਂ ਦੇ ਦਿਨ ਮਨਾਓ-
ਦਿਲ ਦੀ ਅਸਲੀ ਬਾਤ ਤਾਂ ਪਾਓ
ਏਥੇ ਅਜੇ ਵੀ ਕੁੱਖਾਂ ਕੱਚਦੀਆਂ
ਮਹਿੰਦੀ ਨੂੰ ਜਿੰਦਰੇ
ਸਾਰੀ ਉਮਰ ਨਾ ਦੱਸਣ ਦਿੱਲ ਦੀ
ਚਿੜ੍ਹੀਆਂ ਵਿੱਚ ਪਿੰਜਰੇ
ਥਾਂ ਥਾਂ ਹੋ ਰਹੀ ਬੇਪੱਤ ਗਲੀਆਂ ਚੁਰਾਵਾਂ
ਵੇ ਕਿਹੜੇ ਚਾਅ ਬੰਨ੍ਹ ਲੜ੍ਹ ਮੈਂ
ਵਿਹੜੇ ਕਿੱਕਲੀ ਪਾਵਾਂ
ਨਾ ਬਾਬਲ ਦਾ ਘਰ ਮੇਰਾ
ਨਾ ਹੋਰ ਸਿਰਨਾਵਾਂ
ਫਿਰ ਕਿਉਂ ਨਾ ਲੈ ਲੱਜ ਆਪਣੀ
ਕੁੱਖੀਂ ਮਰ ਜਾਵਾਂ-
ਜਦ ਚਾਨਣ ਮੇਰਾ ਰੁੜ੍ਹਦਾ ਜਹਾਨ ਇਹ ਕਿੱਥੇ
ਗੋਡੇ ਗੋਡੇ ਦਿਨ ਜਦ ਮਰਦਾ ਈਮਾਨ ਇਹ ਕਿੱਥੇ
ਜਿੰਦ ਮਰਦੀ ਕੱਚਾ ਰੰਗ ਖੁਰਦਾ ਇਨਸਾਨ ਇਹ ਕਿੱਥੇ
ਮੈਂ ਕੱਜਦੀ ਜਿਸਮ ਦੌੜਦੀ ਏਡਾ ਅਸਮਾਨ ਦੱਸ ਕਿੱਥੇ
ਮੈਨੂੰ ਦੁੱਧੀਂ ਪੁੱਤੀਂ ਟੋਰਦਾ ਭਗਵਾਨ ਓਹ ਕਿੱਥੇ?
ਅੱਜ ਮੈਨੂੰ ਤਾਂ ਅਰਸ਼ ਖੁਰ ਗਿਆ ਲੱਗਦਾ ਹੈ
ਜਦੋਂ ਸਾਡੇ ਵਿਹੜੇ ਚ ਪਿੰਡ
ਕਿਸੇ ਆ ਕੇ ਗਾਉਣੇ ਨਹੀਂ ਗੀਤ-
ਪਰਤ ਜਾਣਗੀਆਂ ਖਾਲੀ ਪਰਾਤਾਂ ਝੋਲੀਆਂ
ਕੁੜੀਆਂ ਮੁੰਡਿਆਂ ਤੇ ਗੱਭਰੂਆਂ ਦੇ ਝੁੰਡ
ਬੂਹਿਆਂ ਨੂੰ ਜੰਗਾਲੇ ਜਿੰਦਰੇ ਦੇਖ-
ਮੇਰੀ ਨਜ਼ਮ ਅੱਜ ਡੁੱਸਕੇਗੀ
ਘਰ ਦੇ ਕੋਣਿਆਂ ਚ,
ਸੁੰਨ੍ਹੀਆਂ ਸਰਦਲਾਂ ਨਾਲ ਲੱਗ ਲੱਗ ਰੋਵੇਗੀ 'ਕੱਲੀ-
ਮਾਂ ਬਾਪੂ ਨੂੰ ਲੱਭੇਗੀ!
ਕਿਸੇ ਦੁਪਹਿਰ ਸ਼ਾਮ ਨੇ ਤੱਕਣਾਂ ਵੀ ਨਹੀਂ ਓਸ ਘਰ ਵੱਲ
ਜਿੱਥੋਂ ਮਾਂ ਕਦੇ ਕਿਸੇ ਨੂੰ ਖਾਲੀ ਨਹੀਂ ਸੀ ਮੋੜਿਆ ਕਰਦੀ-
ਕਿਸੇ ਨੇ ਨਹੀਂ ਅੱਜ ਅੜ੍ਹ ਅੜ੍ਹ ਕੇ ਮੰਗਣੀਂਆਂ ਲੋਹੜੀਆਂ
ਕਿਸੇ ਨਹੀਂ ਵਿਹੜੇ ਚ ਬਲਦੇ ਧੂਣੇ ਚ
ਤਿੱਲ ਰ੍ਹਿਓੜੀਆਂ ਖਿਲਾਰਨੀਆਂ
ਕਿਤੇ ਨਹੀਂ ਪੈਣੇ ਗਿੱਧੇ
ਸੱਜਰੇ ਚੂੜੇ ਵਾਲੀਆਂ ਬਾਹਾਂ ਨੇ
ਪਰਾਤਾਂ ਲੈ ਕੇ ਥੜ੍ਹੇ ਵੀ ਨਹੀਂ ਚੜ੍ਹਨਾ
ਕਿਸੇ ਨੇ ਆ ਕੇ ਵਲੈਤੀ ਦਾ ਘੁੱਟ ਨਹੀਂ ਮੰਗਣਾਂ
ਲੈ ਮੈਂ ਤਾਂ ਆਪਣਾ ਹੀ ਗੀਤ ਲੈ ਕੇ ਬਹਿ ਗਿਆ
ਬਾਹਰ ਖਬਰੇ ਕਿਹੜਾ ਲੋਹੜੀ ਲੋਹੜੀ ਕਹਿ ਗਿਆ!
***
ਫ਼ਲਾਂ ਦੇ ਬੀਜ ਬੀਜੇ ਸਨ
ਫ਼ਲਾਂ ਦੇ ਬੀਜ ਬੀਜੇ ਸਨ
ਕਈ ਉੱਗ ਪਏ ਹਨ-
ਫਲ਼ ਦੀ ਆਸ ਤੇ ਬੈਠੇ ਹਾਂ-
ਫੁੱਲਾਂ ਦੀ ਉਮੀਦ ਲੈ ਕੇ-
ਇੰਝ ਹੀ ਪੰਜਾਬ ਤੇਰੇ ਖੇਤਾਂ 'ਚ
ਇੱਕ ਰਿਸ਼ਮ ਦੇਖਣ ਨੂੰ ਦਿੱਲ ਕਰਦਾ
ਕਿ ਕੋਈ ਵੀ ਦਿਨ ਰੱਸਾ ਗਲ 'ਚ ਨਾ ਪਾਵੇ-
ਘਰੋਂ ਗਏ ਪੁੱਤ ਸਲਾਮਤ ਘਰ ਪਰਤਣ ਤੇਰੇ-
ਕਦੇ ਨਿਆਂ ਕਰਨਾ ਵੀ ਸਿੱਖ ਜਾਵੇ ਤੇਰੀ ਅਦਾਲਤ-
ਰੁੱਖ ਸਾਹ ਲੈਂਦੇ ਰਹਿਣ ਤੇਰੇ
ਤੇ ਲੋਕ ਸੁਣਦੇ ਰਹਿਣ ਉਹਨਾਂ ਦੇ ਗੀਤ
ਪੁੱਤ ਤੇ ਪੌਦੇ ਪਿਆਰ ਤੇ ਪਲੋਸਣ
ਨਾਲ ਹੀ ਖਿੜ੍ਹਦੇ ਨੇ-
ਬੱਚਿਆਂ ਨੂੰ ਖੇਡਦੇ ਰਹਿਣ ਦੇ ਮਿੱਟੀ ਚ
ਤੂੰ ਇਹਨਾਂ ਦੇ ਹਾਸੇ ਮੁਸਕਰਾਟਾਂ ਤੱਕ
ਪਾਣੀ ਪਾ ਪਾ ਸਿੰਜਦੀ ਰਹਿ
ਬੂਟਿਆਂ ਨੂੰ-
ਦੀਵਾਰਾਂ ਜਿੱਡੇ ਜਿੱਡੇ ਹੋ ਲੈਣ ਦੇ-
ਸਰਹੰਦ ਦਾ ਰਾਹ ਆਪੇ ਲੱਭ ਲੈਣਗੇ-
ਦਾਦੀ ਤਾਂ ਲੜ੍ਹ ਲੋਰੀਆਂ ਹੀ ਬੰਨ ਸਕਦੀ ਹੈ ਬੱਚਿਓ-
ਦੋ ਬਚੇ ਸੀਗੇ
ਉਹ ਵੀ ਗੜ੍ਹੀ ਚ ਖੇਡਣ ਲਈ ਛੱਡ ਆਇਆ ਹਾਂ-
ਹੁਣ ਤਾਂ ਇੱਕ ਤਲਵਾਰ ਹੀ ਬਚੀ ਹੈ-
ਜੋੜਾ ਵੀ ਨਹੀਂ ਹੈ ਪੈਰੀਂ-
ਮੰਜ਼ਿਲਾਂ ਪੈਰ ਨਹੀਂ ਪਰਖਦੀਆਂ
ਸੂਰਜ ਹਨ੍ਹੇਰੇ ਨਹੀਂ ਮਿਣਦੇ
ਸੀਨੇ ਸਾਹ ਨਹੀਂ ਗਿਣਦੇ
ਪਾਤਸ਼ਾਹ ਤਾਂ ਤਵੀ ਹੀ ਸਾਜਦੀ ਹੈ
ਚੌਂਕ ਚਾਂਦਨੀ ਅਜੇ ਵੀ ਜ਼ਖ਼ਮੀ ਹੈ
ਏਡੀ ਭੀੜ ਹੈ-
ਇੱਕ ਤਾਂ ਕਿਤੇ ਬਚਿਆ ਹੋਣਾ ਨਲਵਾ
ਜਾਂ ਬਹਾਦਰ ਬੰਦਾ-
ਨਾਨਕ ਇਕੱਲਾ
ਲੜ੍ਹ ਰਿਹਾ ਹੈ ਜ਼ਾਬਰ ਨਾਲ
ਕਿੱਥੇ ਗਏ ਨੇ ਰਬਾਬੀ-
ਕਿਤੇ ਮਲਕ ਦੇ ਨਾ ਚਲੇ ਗਏ ਹੋਣ!