ਸ਼ਹਿਜ਼ਾਦ ਅਸਲਮ ਦੀਆਂ ਦੋ ਗ਼ਜ਼ਲਾਂ
Posted on:- 19-10-2012
1
ਕੋਈ ਸੂਰਜ ਨਵਾਂ, ਮਦਾਰ ਨਵਾਂ
ਇਸ ਨਵੇਂ ਲਈ, ਕੋਈ ਦਿਆਰ ਨਵਾਂ
ਠੰਡ ਦਿਲ ਵਿੱਚ ਪਵੇ ਨਵੀਂ ਕੋਈ
ਵੈਰੀਆਂ ਨੂੰ ਚੜ੍ਹੇ ਬੁਖ਼ਾਰ ਨਵਾਂ
ਇਸ਼ਕ ਦੇ ਇਸ ਪੁਰਾਣੇ ਜਾਲ਼ ਲਈ
ਹੁਸਨ ਕੋਈ ਨਵਾਂ, ਸ਼ਿਕਾਰ ਨਵਾਂ
ਕਦ ਤੱਕ ਇਹੋ ਬਹਾਰ, ਇਹੋ ਖ਼ਿਜ਼ਾ
ਮਾਲਿਕ ! ਇਸ ਵਾਰ ਕੁਝ ਉਤਾਰ ਨਵਾਂ
ਕੌਣ ਹੋਇਆ ਏ ਕੋਲ਼ ਹੋ ਕੇ ਪਰੇ
ਦਰਦ ਉੱਠਿਆ ਏ ਪਹਿਲੀ ਵਾਰ ਨਵਾਂ
ਜਾਮ ਵਿੱਚ ਅਕਸ ਹੈ ਉਹਦੇ ਮੁੱਖ ਦਾ
ਐਵੇਂ ਅੱਖੀਆਂ ’ਚ ਨਈਂ ਖ਼ੁਮਾਰ ਨਵਾਂ
ਹਿਜਰ ’ਚ ਨਈਂ ਰਿਹਾ ਮਜ਼ਾ ਹੁਣ ਉਹ
ਤੀਰ ਦਿਲ ’ਚੋਂ ਕੋਈ ਗੁਜ਼ਾਰ ਨਵਾਂ
ਉੱਠ ਰਹੇ ਨੇ ਕਦਮ ਸਿਤਾਰਿਆਂ ਵੱਲ
ਸੈਰ ਲਈ, ਹੈ ਨਾ !ਇਹ ਬਜ਼ਾਰ ਨਵਾਂ
ਵਾਹ ਸ਼ਹਿਜ਼ਾਦ ! ਜੋੜ ਤੋੜ ਤੁਰੇ
ਉਹੋ ਅੱਖਰ ਨੇ ,ਪਰ ਨਿਖਾਰ ਨਵਾਂ
2
ਸਾਹਮਣੇ, ਜੇ ਤੇਰੇ ਸਿਵਾ ਕੋਈ ਨਈਂ
ਦਿਲ ਦੇ ਅੰਦਰ ਵੀ ਦੂਸਰਾ ਕੋਈ ਨਈਂ
ਕਿੱਥੇ ਦਰ ਛੋੜ ਕੇ ਤੇਰਾ ਜਾਈਏ
ਕਿਧਰੇ ਵੀ ਤੇ ਤੇਰੇ ਜਿਆ ਕੋਈ ਨਈਂ
ਓਸ ਬੇ ਮਿਸਲ ਦੀ ਏ ਦੀਨ ਏਹ ਦਰਦ
ਦਰਦ ਵੀ ਉਹ, ਜਿਹਦੀ ਦਵਾ ਕੋਈ ਨਈਂ
ਜਲਵਾ ਤੱਕਿਆ ਏ ਤੇਰੇ ਹੁਸਨ ਦਾ ਮੈਂ
ਕਿਸ ਤਰ੍ਹਾਂ ਕਹਿ ਦਵਾਂ ਖ਼ੁਦਾ ਕੋਈ ਨਈਂ
ਬੋਲ ਉਹ, ਦਿਲ ਤੇਰਾ ਜੋ ਚਾਹੁੰਦਾ ਏ
ਕੀ ਤੇਰਾ ਆਪਣਾ ਫ਼ੈਸਲਾ ਕੋਈ ਨਈਂ?
ਢੂੰਡ ਲੈਣੀ ਪਤੰਗਿਆਂ ਨੇ ਸ਼ਮ੍ਹਾ
ਕੋਲ਼ ਭਾਵੇਂ ਅਤਾ ਪਤਾ ਕੋਈ ਨਈਂ
ਜਾਣ ਵਾਲੇ ਲਈ ਨਾ ਰੋ ਸ਼ਹਿਜ਼ਾਦ
ਕੌਣ ਇੱਥੇ ਸਦਾ ਰਿਹਾ, ਕੋਈ ਨਈਂ
ਡਾ: ਗੁਰਮਿੰਦਰ ਸਿਧੂ
ਬਹੁਤ ਖੂਬ