ਮੇਰੀ ਝੋਲੀ ਦਰਦ ਅਵੱਲੜੇ – ਐੱਸ. ਸੁਰਿੰਦਰ
Posted on:- 12-01-2016
ਮੇਰੀ ਝੋਲੀ ਦਰਦ ਅਵੱਲੜੇ ਨੀ ਮਾਏ
ਮੇਰੇ ਹੰਝੂਆਂ ਵਾਲੇ ਪੱਲੜੇ ਨੀ ਮਾਏ
ਮੈਨੂੰ ਸਾਂਵਲ ਛੱਡ ਕੇ ਤੁਰ ਗਿਆ ਏ
ਅਸੀਂ ਰਹੇ ਵਿਲਕਦੇ ਕੱਲੜੇ ਨੀ ਮਾਏ ।
ਮੇਰਾ ਰੰਗ ਮਹਿੰਦੀ ਦਾ ਲੱਥਿਆ ਨਹੀਂ
ਮੇਰੇ ਚਾਅ ਤਾਂ ਹਾਲੇ ਅੱਲੜੇ ਨੀ ਮਾਏ
ਮੇਰਾ ਬੁੱਤ ਕਲਬੂਤ ਬੇਜਾਨ ਹੋਇਆ
ਮੇਰੀ ਰੂਹ ਸਾਂਵਲ ਦੇ ਵੱਲੜੇ ਨੀ ਮਾਏ
ਸੁਰਿੰਦਰ ਪਰਦੇਸ ਨੂੰ ਤੁਰ ਗਿਆ ਏ
ਮੇਰੇ ਰੋਵਣ ਚੀਚੀ ਛੱਲੜੇ ਨੀ ਮਾਏ