ਗ਼ਜ਼ਲ - ਭੁਪਿੰਦਰ ਸਿੰਘ ਬੋਪਾਰਾਏ
Posted on:- 07-01-2016
ਜ਼ੁਲਮੀ ਹੱਦਾਂ ਬੰਨੇ ਟੱਪੇ ਆਲੇ ਦੁਆਲੇ
ਸੱਚ ਦੀ ਸੰਘੀ ਝੂਠਾਂ ਨੱਪੇ ਆਲੇ ਦੁਆਲੇ
ਬੋਲਣ ਦਾ ਹੱਕ ਖੋਹਣਾ ਹੈ ਹਾਕਿਮ ਨੂੰ ਕਾਹਲੀ
ਧੱਕੇਸ਼ਾਹੀ ਜਬਰੀ ਠੱਪੇ ਆਲੇ ਦੁਆਲੇ
ਚੋਰਾਂ ਠੱਗਾਂ ਸੰਗ ਭਿਆਲੀ ਜਿਸਦੀ ਵੇਖੀ
ਸ਼ਾਮ ਸਵੇਰੇ ਮੌਲਾ ਜੱਪੇ ਆਲੇ ਦੁਆਲੇ
ਸੰਭਲ ਸੰਭਲ ਤੁਰਨਾ ਰੱਖਣਾ ਖੋਲੀ ਅੱਖਾਂ
ਗਿੱਠ ਗਿੱਠ ’ਤੇ ਟੋਏ ਖੱਪੇ ਆਲੇ ਦੁਆਲੇ
ਭੁੱਲੀ ਹੈ ਗੁਰਬਾਣੀ ਜਦ ਦੀ ਹਿਰਦੇ ਵਿੱਚੋਂ
ਦੁੱਖ ਦਲੀਦਰ ਚੱਪੇ ਚੱਪੇ ਆਲੇ ਦੁਆਲੇ
ਵੇਖੋ ਕਿੱਡਾ ਹਫਸ਼ੀ ਵੇਚ ਕਬਰ ਸਮਸਾਨਾਂ
ਸੋਨੇ ਦੀਆਂ ਇੱਟਾਂ ਥੱਪੇ ਆਲੇ ਦੁਆਲੇ
ਸ਼ਬਦਾਂ ਵਾਲੀ ਦੋਲਤ ਵੰਡਦਾ ਰਹਿੰਦਾ ਹਰਦਮ
'ਬੋਪਾਰਾਏ ' ਭਰ ਭਰ ਲੱਪੇ ਆਲੇ ਦੁਆਲੇ
ਸੰਪਰਕ: +91 98550 91442