ਗ਼ਜ਼ਲ - ਬਲਜੀਤ ਸਿੰਘ ਰੈਨਾ
Posted on:- 02-01-2016
ਤੋੜ ਕੇ ਮਜ਼ਬੂਤ ਗੜ੍ਹ ਸਰਕਾਰ ਆਖਿਰ ਬਣ ਗਿਆ
ਉਹ ਵਪਾਰੀ ਮੌਤ ਦਾ ਅਵਤਾਰ ਆਖਿਰ ਬਣ ਗਿਆ
ਇਕ ਦਲੀਲਾਂ ਨਾਲ ਚਲਦੇ ਮੁਲਕ ਦੇ ਟੋਟੇ ਕਰਾਂ
ਡੌਲਿਆਂ ਦੇ ਦਮ ’ਤੇ ਉਹ ਸਰਦਾਰ ਆਖਿਰ ਬਣ ਗਿਆ
ਸਾਮਣੇ ਉਹ ਆ ਗਿਆ ਸੀ ਖੇਡ ਪੂੰਜੀ ਦੀ ਰਚਾ
ਵੇਚ ਕੇ ਹੱਥਿਆਰ ਥਾਣੇਦਾਰ ਆਖਿਰ ਬਣ ਗਿਆ
ਤੇਲ ਦਾ ਪਿਆਸਾ ਮਹਾਂ ਗੰਦੀ ਸਿਆਸਤ ਚਲ ਗਿਆ
ਧਰਮ ਜੀਵਨ ਜਾਚ ਸੀ ਹਥਿਆਰ ਆਖਿਰ ਬਣ ਗਿਆ
ਜੀਣ ਜੋਗੇ ਜੀਣ ਦੇ ਵਰਦਾਨ ਨੂੰ ਕੀ ਕਰਨ ਗੇ
ਸੀ ਮੁਹੱਬਤ ਦਾ ਸਮਾਂ ਯਲਗਾਰ ਆਖਿਰ ਬਣ ਗਿਆ
ਨਿੱਤ ਬਦਲਦੇ ਰੰਗ ਦੀ ਰਫਤਾਰ ਫੜ ਕੇ ਆਦਮੀ
ਬਣਦੇ ਬਣਦੇ ਇਕ ਅਜਬ ਕਿਰਦਾਰ ਆਖਿਰ ਬਣ ਗਿਆ
ਦਿਲ ਦੀਆਂ ਬੀਮਾਰੀਆਂ ਦੀ ਜੋ ਦਵਾ ਲੱਭਦਾ ਰਿਹਾ
ਖੋਜ ਵਿਚ ਡੁੱਬਿਆ ਕਿ ਖੁਦ ਬੀਮਾਰ ਆਖਿਰ ਬਣ ਗਿਆ
ਰਸਮ ਕੋਈ ਨਾ ਬਚੀ ਤੇ ਦਿਨ ਵੀ ਸਭ ਤੈ ਹੋ ਗਏ
ਵਿਕ ਰਹੇ ਜਜ਼ਬਾਤ ਦਾ ਬਾਜ਼ਾਰ ਆਖਿਰ ਬਣ ਗਿਆ
ਹੌਲੀ ਹੌਲੀ ਮੀਲ ਪੱਥਰ ਵਾਂਗ ਰੈਨਾ ਉੱਭਰਿਆ
ਦੋਸਤਾਂ ਦੀ ਸੋਚ ਦਾ ਆਧਾਰ ਆਖਿਰ ਬਣ ਗਿਆ
heera sohal
Super