ਗ਼ਜ਼ਲ - ਆਰ.ਬੀ. ਸੋਹਲ
Posted on:- 31-12-2015
ਕਿਸੇ ਦੇ ਵਾਸਤੇ ਤੂੰ ਜੀ, ਕਿਸੇ ਕਰਕੇ ਤੂੰ ਮਰ ਜਾਵੀਂ
ਬਣੇ ਇਤਹਾਸ ਫਿਰ ਜਿਹੜਾ, ਉਹ ਸੁਹਣੇ ਕਰਮ ਕਰ ਜਾਵੀਂ
ਹੰਡਾ ਕੇ ਜੂਨ ਪੱਥਰ ਵੀ, ਤੇ ਭੁਰ ਭੁਰ ਖਾਕ ਹੋ ਜਾਂਦੇ,
ਰਹੇ ਪਰ ਗੂੰਜ ਸ਼ਬਦਾਂ ਵਿੱਚ,ਉਨ੍ਹਾਂ ਵਿਚ ਜੋਸ਼ ਭਰ ਜਾਵੀਂ
ਸੁਨਾਮੀ ਵਹਿਣ ਮੋੜਣ ਦਾ, ਕਰੀਂ ਤੂੰ ਹੌਸਲਾ ਪੱਕਾ,
ਜੋ ਛੱਲਾਂ ਉਠਦੀਆਂ ਦਿਲ ‘ਚੋਂ, ਤੂੰ ਉਹਨਾਂ ਤੋਂ ਨਾ ਡਰ ਜਾਵੀਂ
ਖੁਸ਼ੀਆਂ ਦੇ ਸਮੁੰਦਰ ਵਿੱਚ , ਗ਼ਮਾਂ ਦੇ ਮਗਰਮੱਛ ਰਹਿੰਦੇ,
ਬਚਾ ਕੇ ਆਪਾ ਇਹਨਾਂ ਤੋਂ ,ਇਕਾਗਰ ਹੋ ਕੇ ਤਰ ਜਾਵੀਂ
ਸਮੇਂ ਦੇ ਕਾਫਲੇ ਰੁਸਵਾ, ਕਰੀਂ ਨਾ ਰਸਤਿਆਂ ਦੇ ਵਿੱਚ,
ਲਮੇਰਾ ਪੰਧ ਹੈ ਭਾਵੇਂ , ਤੂੰ ਮੁਸ਼ਕਿਲ ਤੋਂ ਨਾ ਹਰ ਜਾਵੀਂ
ਜੋ ਬੇਹੇ ਹੋ ਗਏ ਪਾਣੀ, ਤਪਾ ਕੇ ਭਾਫ ਕਰਦੇ ਹੁਣ,
ਤੇ ਤਪਦੀ ਧਰਤ ਦੇ ਉੱਤੇ, ਤੂੰ ਸਾਵਣ ਵਾਂਗ ਵਰ੍ਹ ਜਾਵੀਂ
ਦਿਲਾਂ ਦੇ ਘੁੱਪ ਹਨੇਰੇ ਵਿੱਚ, ਨਿਰਾਸ਼ਾ ਦਾ ਰਹੇ ਵਾਸਾ,
ਜਗਾ ਕੇ ਆਸ ਦੇ ਦੀਵੇ, ਦਿਲਾਂ ਦੇ ਘਰ ਤੂੰ ਧਰ ਜਾਵੀਂ
ਕਦੋਂ ਤਕ ਸੋਹਲ ਰਹਿਣਾ ਹੈ, ਤੂੰ ਜਾਤੀ ਅੱਗ ਵਿਚ ਸੜਦੇ,
ਜਿਨ੍ਹਾਂ ਸੀ ਠਾਰਿਆ ਤੈਨੂੰ, ਉਨ੍ਹਾਂ ਦਾ ਸੇਕ ਜ਼ਰ ਜਾਵੀਂ