ਕੌਣ ਮਾਵਾਂ ਨੂੰ ਯਾਦ ਕਰੇ... -ਪਲਵਿੰਦਰ ਸੰਧੂ
Posted on:- 09-12-2015
ਵਿੱਚ ਪ੍ਰਦੇਸੋਂ ਚਿੱਠੀ ਆਈ
ਪੁੱਤ ਨੇ ਉਹੀ ਆਖ ਸੁਣਾਈ
ਕਿੰਝ ਆਵਾਂ ਕੋਲ ਮਾਂ ਤੇਰੇ
ਡਾਹਢੀ ਮੇਰੀ ਮਜਬੂਰੀ ਆ
ਦਿਲ ਵਿੱਚ ਤੇਰੇ ਰਹਾਂ ਹਮੇਸ਼ਾ
ਕੀ ਹੋਇਆ ਉਂਝ ਦੂਰੀ ਆ...
ਆਖੇ ਮਾਂ ਇਕ ਗੱਲ ਸੁਣ ਪੁੱਤਰਾ
ਕਿਸਨੂੰ ਦੱਸਾਂ ਦਿਲ ਦਾ ਦੁੱਖੜਾ
ਬਾਝੋਂ ਤੇਰੇ ਕੌਣ ਇਹ ਸ਼ੇਰਾ
ਉਜੜਿਆ ਘਰ ਆਬਾਦ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ...
ਵਿਯੋਗ 'ਚ ਤੁਰ ਗਿਆ ਬਾਪੂ ਤੇਰਾ
ਧੀਰ ਬੰਨ੍ਹਾਉਦਾ ਸੀ ਓ ਮੇਰਾ
ਪੁੱਤ ਆਉ ਜਿਸ ਦਿਨ ਆਪਣਾ
ਖੁਸ਼ੀਆਂ ਦੇ ਨਾਲ ਭਰ ਜਾਉ ਵਿਹੜਾ
ਕਰਦੇ ਤਪਦਾ ਸ਼ੀਤ ਕਾਲਜਾ
ਮਾਂ ਇੱਕੋ ਇੱਕ ਫਰਿਆਦ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ...
ਦੇਖੀਂ ਹੁਣ ਨਾ ਲਾਈਂ ਦੇਰੀ
ਹੋ ਜਾਵਾਂ ਕਿਤੇ ਰਾਖ ਦੀ ਢੇਰੀ
ਤਿਆਗ ਕੇ ਸਭ ਕੁਝ ਮੈਂ ਆਪਣਾ
ਦੇਖੀ ਸੀ ਇਕ ਖੁਸ਼ੀ ਬੱਸ ਤੇਰੀ
ਰੋਵੇਂ ਵਿਚ ਮਸਾਣੀਂ ਆ ਕੇ
ਪਛਤਾਵਾਂ ਜਾਣ ਤੋਂ ਬਾਅਦ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ....
ਰੋਜ਼ ਇਹੋ ਮੈਂ ਕਰਾਂ ਦੁਆਵਾਂ
ਹੋਣ ਨਾ ਦੂਰ ਪੁੱਤਾਂ ਤੋਂ ਮਾਵਾਂ
ਜਿਸ ਰਾਹੋਂ ਨਾ ਲੰਘੇ ਕੋਈ
ਓਦਰ ਜਾਣ ਉੱਥੋਂ ਛਾਵਾਂ
ਨਾਲ 'ਜੀਆਂ' ਦੇ, 'ਜੀਅ' ਨੇ ਲੱਗਦੇ
ਉਂਝ ਤਾਂ ਖੰਡਰ ਲੱਗਣ ਥਾਵਾਂ
'ਸੰਧੂ' ਮਾਂ ਨੂੰ ਮਿਲ ਲੈ 'ਪਾਲੀ'
ਮੌਤ ਨਾ ਕਦੇ ਲਿਹਾਜ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ...