ਅਮਰਜੀਤ ਟਾਂਡਾ ਦੀਆਂ ਦੋ ਕਾਵਿ-ਰਚਨਾਵਾਂ
Posted on:- 06-12-2015
ਬਹੁਤ ਕੁਝ ਹੈ
ਬਹੁਤ ਕੁਝ ਹੈ
ਇਸ ਦਿਲ ’ਚ ਅੜਿਆ
ਤੈਨੂੰ ਵਿਹਲ ਹੋਵੇ ਤਾਂ ਕਦੇ ਦੱਸਾਂ-
ਤੂੰ ਮਿਲਦਾਂ ਏਂ
ਜਿਵੇਂ ਚੰਨ ਚੌਦਵੀਂ
ਜੋ ਕਦੇ ਹੀ ਛੱਤ ’ਤੇ ਆਉਂਦਾ ਹੈ-
ਤੂੰ ਦੇਖ ਤਾਂ ਸਈ
ਮੈਂ ਕੌਣ ਵੇ
ਮੈਂ ਖੁਸ਼ਬੂਆਂ ਲੱਦੀ
ਪੌਣ ਵੇ –
ਅੰਗ ਅੰਗ ਮੇਰੇ
ਚੜ੍ਹੀ ਜੁਆਨੀ
ਸਾਹ ਸਾਹ
ਵੇ ਮੈਂ ਖੁਰਦੀ ਜਾਨੀ-
ਦਿਲ ਦੀਆਂ ਗੱਲਾਂ
ਦਿਲੇ ਛੁਪਾਈਆਂ
ਤੇਰੇ ਲਈ
ਜੱਗ ਤੋਂ ਲੁਕਾਈਆਂ
ਯਾਦ ਤੇਰੀ ਨੇ
ਇਹ ਲ਼ਿਖਵਾਈਆਂ
ਹੋਰ ਕਿਹੜੇ ਕੰਮ ਦਿਲ ਵੇ
ਕਦੇ ਖਿੜ੍ਹੀ ਦੁਪਹਿਰ 'ਚ ਮਿਲ ਵੇ
ਬਹੁਤ ਚਿਰਾਂ ਤੋਂ
ਅੰਗ ਅੰਗ ਪੱਛੀਂ ਆਂ
ਨਾ ਤੂੰ ਪੁੱਛੀਆਂ
ਨਾ ਮੈਂ ਦੱਸੀਆਂ
ਕਦੇ ਤਾਂ ਵਿਹੜੇ ਵੜ੍ਹ ਵੇ
ਐਵੇਂ ਗੱਲ ਗੱਲ 'ਤੇ ਨਾ ਲੜ੍ਹ ਵੇ-
'ਵਾ ਏਸ ਦੇ
ਰੰਗ ਨੇ ਸੂਹੇ
ਕਦ ਦੀ ਖੜ੍ਹੀ
ਦੇਖ ਬਾਹਰ ਬੂਹੇ
ਕਦੇ ਤਾਂ ਹਿੱਕ ਨੂੰ ਪੜ੍ਹ ਵੇ
ਕੁਆਰੀ ਰੀਝ ਨਾ ਜਾਵੇ ਸੜ੍ਹ ਵੇ-
***
ਆ ਤੇਰਾ ਸਨਮਾਨ ਕਰਾਂ
ਆ ਤੇਰਾ ਸਨਮਾਨ ਕਰਾਂ
ਤੇਰੀ ਬਲਦੀ ਹਿੱਕ ਜੇਹੀ ’ਤੇ
ਫੁੱਲ-ਪਿੱਤਰਾਂ ਦਾ ਦਾਨ ਕਰਾਂ
ਕੁਝ ਆਪਣੀ ਕੁਝ ਤੇਰੀ ਲੋਅ ਦਾ
ਸੂਰਜ ਤੇ ਚੰਨ ਦੀ ਖੁਸ਼ਬੂ ਦਾ
ਤੇਰੀ ਪੈੜ੍ਹ ਪਿਆਸੀ ਰੂਹ ਦਾ
ਅੰਬਰਾਂ ’ਚੋਂ ਕੋਈ ਤੀਰ ਫ਼ੜਾਂ
ਦਰਬਾਰ ’ਚ ਕਰ ਲੈ ਮਨ ਕਰਨੀ
ਤੇਰੀ ਰੂਹ ਏਦਾਂ ਨਹੀਂ ਠਰਨੀ
ਵਿਕਣੀ ਲਾਸ਼ ਚੁਰਾਹੇ ਧਰਨੀ
ਸਿਰ ਰੱਖ ਤੇਰੀ ਹਿੱਕ ਮਰਾਂ
ਸ਼ਬਦ ਮੇਰੇ ਹੁਣ ਸੀਨੇ ਮਿਣਦੇ
ਸ਼ਾਮ ਸਵੇਰੇ ਤਗਮੇ ਗਿਣਦੇ
ਫ਼ੜ ਫੜ ਇੱਕ ਇੱਕ ਛਾਤੀ ਚਿਣਦੇ
ਠਰ ਜਾਵੇ ਜੇ ਛਾਤੀ ਤੇਰੀ
ਖੰਜਰ ਇੱਕ ਇਨਾਮ ਧਰਾਂ
ਈ-ਮੇਲ: [email protected]