ਐੱਸ. ਸੁਰਿੰਦਰ ਦੀਆਂ ਦੋ ਕਾਵਿ-ਰਚਨਾਵਾਂ
Posted on:- 25-11-2015
ਤੇਰਾ ਨਾਮ ਧਿਆਵਾਂ ਬਾਬਾ ।
ਤੇਰੀ ਕਿਰਤ ਸਲਾਵਾਂ ਬਾਬਾ ।
ਤੂੰ ਵੱਸਦਾ ਹੈ ਜੀਭਾਂ ਉੱਪਰ
ਤੇਰੀ ਉਪਮਾਂ ਗਾਵਾਂ ਬਾਬਾ ।
ਸ਼ਬਦ ਦੇਵੀਂ ਗੀਤ ਮੇਰੇ ਨੂੰ
ਸ਼ਬਦੀ ਜੋਤ ਜਗਾਵਾਂ ਬਾਬਾ ।
ਢਾਰੇ ਤਾਈਂ ਤੂੰ ਸਲਾਇਆ
ਤੈਨੂੰ ਕਿੰਝ ਭੁਲਾਵਾਂ ਬਾਬਾ ।
ਤੂੰ ਕਰਮਾਂ ਦਾ ਹੋਕਾ ਦਿੱਤਾ
ਤੇਰਾ ਸੋਹਿਲਾ ਗਾਵਾਂ ਬਾਬਾ ।
ਚੁੰਨੀ ਲੀਰੋ-ਲੀਰ ਹੈ ਹੋਈ
ਗੁੰਮੀਆਂ ਕੁਲ ਸਦਾਵਾਂ ਬਾਬਾ ।
ਕੂੜ-ਹਨ੍ਹੇਰੇ ਖਲਕਤ ਰੰਗੀ
ਕਰਦੇ ਦੂਰ ਬਲਾਵਾਂ ਬਾਬਾ ।
ਚੋਰ-ਚੌਧਰੀ ਹਾਕਮ ਸਾਡੇ
ਕੀ-ਕੀ ਦੁੱਖ ਸੁਣਾਵਾਂ ਬਾਬਾ ।
ਲੋਭ-ਮੋਹ ਵਿੱਚ ਨਾਤੇ ਮੋਏ
ਭਰਦਾ ਸੱਲ ਕਲਾਵਾਂ ਬਾਬਾ ।
ਸੁਰਿੰਦਰ ਰਾਖੇ ਹੈਨ ਲੁਟੇਰੇ
ਕਿੱਦਾ ਪਿੰਡ ਬਚਾਵਾਂ ਬਾਬਾ ।
***
ਧਰਮਾਂ ਤੀਕ ਪੜ੍ਹਾਵੇ ਨਾਨਕ ,
ਇੱਕ ਖ਼ੁਦਾ ਨੂੰ ਗਾਵੇ ਨਾਨਕ ।
ਦੂਈ ਦਵੈਂਤ ਧਰਮਾਂ ਦੀ ਤੋੜੇ ,
ਸਭ ਦੇ ਮਨ ਨੂੰ ਭਾਵੈ ਨਾਨਕ ।
ਕਰਮਾਂ ਸੰਦੜਾ ਖੇਤ ਬੀਜਦਾ ,
ਸੱਚੀ ਕਿਰਤ ਸਲਾਵੇ ਨਾਨਕ ।
ਮੁੱਖ ਉਸ ਦਾ ਨੂਰ ਇਲਾਹੀ ,
ਵੱਸਦਾ ਮੇਰੇ ਸਾਹਵੇ ਨਾਨਕ ।
ਤੇਰਾ-ਤੇਰਾ ਪਿਆ ਉਚਾਰੇ ,
ਭੁੱਖਾ ਜਗਤ ਰਜਾਵੇ ਨਾਨਕ ।
ਮੈਂ ਵਾਰੀ ਮੈਂ ਵਾਰੀ ਅੰਮੀਏ ,
ਮੇਰੇ ਆਂਗਨ ਆਵੇ ਨਾਨਕ ।
ਸੁਰਿੰਦਰ ਜੱਗ ਕਰੇ ਪੁਕਾਰਾਂ ,
ਮੁੜ ਕੇ ਫੇਰਾ ਪਾਵੇ ਨਾਨਕ ।