ਡਾ. ਗੁਰਮਿੰਦਰ ਸਿੱਧੂ ਦੀਆਂ ਕੁਝ ਕਾਵਿ-ਰਚਨਾਵਾਂ
Posted on:- 04-11-2015
ਦੀਵਾਲੀ ਦੀ ਰਾਖੀ
ਦੀਵਿਆਂ, ਮੋਮਬੱਤੀਆਂ ਤੇ ਬਿਜਲਈ-ਲੜੀਆਂ ਨਾਲ ਮੜ੍ਹੀ
ਰਾਤ ਦੇ ਇਸ ਚੰਦੋਏ ਹੇਠਾਂ
ਕਿਸੇ ਨਾ ਕਿਸੇ ਮੜ੍ਹੀ ’ਤੇ
ਉਹ ਵੀ ਕੋਈ ਬੈਠੀ ਹੋਵੇਗੀ
ਜਿਹਦਾ ਕੰਤ
ਸਾਡੀ ਇਸ ਦੀਵਾਲੀ ਦੀ ਰਾਖੀ ਲਈ
ਸੀਮਾ ਉੱਤੇ ਗਿਆ ਤੇ ਖੁਦ ਸਮਾਧ ਹੋ ਗਿਆ
ਗਲ਼ੀਓ-ਗਲ਼ੀ ਵਹਿ ਰਹੀ
ਇਸ ਆਤਿਸ਼ੀ ਨਦੀ ਦੇ ਕਿਸੇ ਪੱਤਣ’ਤੇ
ਉਹ ਵੀ ਕੋਈ ਖੜੋਤੀ ਹੋਏਗੀ
ਆਪਣੀਆਂ ਪਲਕਾਂ ਦੇ ਦੀਵਟ ਉੱਤੇ
ਧੁਆਂਖੇ ਹੰਝੂਆਂ ਦਾ ਦੀਪ ਧਰ ਕੇ
ਜਿਹਦਾ ਮਹਿਬੂਬ ਮਜ਼ਹਬੀ ਜਨੂੰਨ ਦੇ ਅਗਨ-ਕੁੰਡ ਵਿੱਚ
ਰਾਖ ਦੀ ਮੁੱਠੀ ਹੋ ਗਿਆ
ਪਟਾਕੇ ਚਲਾ ਕੇ ਤਾੜੀਆਂ ਮਾਰਦੇ ਹਾਣੀਆਂ ਵੱਲ
ਸੁਪਨੀਲੀਆਂ ਅੱਖਾਂ ਦੇ ਸਲ੍ਹਾਬੇ ਸ਼ੀਸ਼ੇ ਵਿੱਚੋਂ
ਝਾਕ ਰਹੀ ਹੋਏਗੀ ਕੋਈ ਸਹਿਮੀ ਸਰਾਪੀ ਗੁੱਡੀ
ਜਿਹਦੇ ਪਾਪਾ ਦੀ ਮਖਮਲੀ ਗੋਦ
ਕਿਸੇ ਵੱਡੇ ਬੰਬ-ਪਟਾਕੇ ਨੇ
ਚੀਥੜੇ-ਚੀਥੜੇ ਕਰਕੇ
ਭਰੇ ਬਜ਼ਾਰ ਵਿੱਚ ਖਿਲਾਰ ਦਿੱਤੀ
ਸੱਚੀਂ ਜ਼ਰੂਰ
ਖਿੜ-ਖਿੜ ਹੱਸਦੀਆਂ ਫੁਲਝੜੀਆਂ ਉਹਲੇ
ਲੇਰਾਂ ਮਾਰ ਰਿਹਾ ਹੋਏਗਾ
ਖਿਡੌਣਾ-ਪਿਸਤੌਲ ਲਈ ਰਿਹਾੜ ਕਰਦਾ
ਕੋਈ ਡੈਡੀ ਦਾ ਲਾਡਲਾ
ਜਿਸਦੇ ਡੈਡੀ ਨੂੰ ਕਿਸੇ ਗੋਲ਼ੀ ਦੀ ‘ਕੋਕੋ’
ਹਮੇਸ਼ਾ ਲਈ ਨਾ-ਪਰਤਣ ਵਾਲੇ ਦੇਸ ਲੈ ਗਈ
ਤੇ ਅਸੀਂ
ਜਿਹਨਾਂ ਦੇ ਚਿਹਰੇ
ਲਿਸ਼ਕਦੀਆਂ ਹੋਈਆਂ ਆਤਿਸ਼ਬਾਜ਼ੀਆਂ ਸਾਹਵੇਂ
ਸੂਹੀ ਭਾਅ ਮਾਰ ਰਹੇ ਨੇ
ਕਿਤੋਂ ਨਾ ਕਿਤੋਂ ਤਾਂ ਦੇਣਦਾਰ ਹਾਂ ਉਹਨਾਂ ਦੇ
ਜਿਹਨਾਂ ਦੇ ਹਿੱਸੇ ਦੀ ਦੀਵਾਲੀ
ਸਦਾ ਸਦਾ ਲਈ ਮਨਫੀ ਹੋ ਗਈ
2.
ਤੇ ਅਸੀਂ,ਜੋ ਹਰਫਾਂ ਨੂੰ ਜੋੜਦੇ ਹਾਂ
ਅਸੀਂ,ਜੋ ਹੁਨਰਾਂ ਨੂੰ ਸਿਰਜਦੇ ਹਾਂ
ਹਾਂ ਹਾਂ ਅਸੀਂ,
ਜੋ ਅਕਲਾਂ ਨੂੰ ਵਣਜਦੇ ਹਾਂ
ਆਓ ਨਾ!ਪਹਿਰੇ ’ਤੇ ਬੈਠ ਜਾਈਏ
ਆਓ ਨਾ! ਹੱਥਾਂ ਦੀ ਓਟ ਕਰੀਏ
ਕਿ ਹੁਣ ਕੋਈ ਗੋਲ਼ੀ ਨਾ ਚਲੇ
ਕਿ ਹੁਣ ਕਿਧਰੇ ਕੋਈ ਬੰਬ ਨਾ ਫਟੇ
ਕਿ ਹੁਣ ਕੋਈ ਦੀਵਾ ਨਾ ਬੁਝੇ
ਕਿ ਹੁਣ ਕੋਈ ਚਾਨਣ ਨਾ ਮਿਟੇ।
***
ਦੀਵੇ ਦੀਵਾਲੀ ਦੇ ਹੋਵਣ ਮੁਬਾਰਕ ਲੱਖ ਵਾਰੀ
ਇੱਕ ਦੀਵਾ ਦਿਲ ਦਾ ਜਗਾਓ ਤਾਂ ਕੋਈ ਗੱਲ ਵੀ ਹੈ
ਹਾਸੇ ਟੰਗ ਕੇ ਅੱਖਾਂ ਦੀ ਗਿੱਲੀ ਝਿਲਮਣ ’ਤੇ
ਅੱਜ ਦੀ ਰਾਤ ਮਨਾਓ ਤਾਂ ਕੋਈ ਗੱਲ ਵੀ ਹੈ
ਦੁੱਖ ਹੁਣ ਇਸ ਦਿਸ਼ਾ ਵੱਲ ਪਰਤਣ ਦਾ ਨਾ ਨਾਮ ਲਵੇ
ਪਟਾਖੇ ਏਦਾਂ ਚਲਾਓ ਤਾਂ ਕੋਈ ਗੱਲ ਵੀ ਹੈ
ਦੂਰ ਆਪਣੇ ਦੇਸ ਵਿੱਚ ਹਨ੍ਹੇਰੇ ਦਾ ਜੋ ਪਹਿਰਾ ਹੈ
ਉਹਨੂੰ ਸਭ ਮਿਲ ਕੇ ਹਟਾਓ ਤਾਂ ਕੋਈ ਗੱਲ ਵੀ ਹੈ
ਬਿਲਖ ਰਿਹਾ ਹੈ ਕੋਈ ਜਿੱਥੇ ਵੀ ਤਨਹਾਈ ਵਿੱਚ
ਰੌਸ਼ਨੀ ੳਥੇ ਲਿਜਾਓ ਤਾਂ ਕੋਈ ਗੱਲ ਵੀ ਹੈ
ਨਾਲ ਦੇ ਘਰ ਦੇ ਵਿੱਚ,ਜੇ ਟੀਸ ਰਿਹਾ ਹੈ ਜ਼ਖਮ ਕੋਈ
ਮਸੀਹਾ ਬਣ ਕੇ ਦਿਖਾਓ ਤਾਂ ਕੋਈ ਗੱਲ ਵੀ ਹੈ
ਦਰਦ ਤਾਂ ਦਰਦ ਹੈ,ਡੂੰਘਾ ਹੀ ਦੱਬਿਆ ਰਹਿਣ ਦਿਓ
ਸੰਗ ਮੇਰੇ ਜੋ ਮੁਸਕੁਰਾਓ ਤਾਂ ਕੋਈ ਗੱਲ ਵੀ ਹੈ
ਭੁੱਲ ਕੇ ਅੱਥਰੂ, ਉਦਾਸੀਆਂ ਤੇ ਤਲਖੀਆਂ
ਅਨਾਰਾਂ ਵਾਂਗ ਖਿੜਖਿੜਾਓ ਤਾਂ ਕੋਈ ਗੱਲ ਵੀ ਹੈ
ਪਿੰਡ ਦੀ ਸਰਦਲ’ਤੇ ਕੋਈ ਆਸ ਵਾਜਾਂ ਮਾਰ ਰਹੀ
ਮੁੜ ਕੇ ਹੁਣ ਵਤਨ ਨੂੰ ਜਾਓ ਤਾਂ ਕੋਈ ਗੱਲ ਵੀ ਹੈ
ਹਰ ਪਾਸੇ ਖਿੜਨ ਖੁਸ਼ੀਆਂ ਦੀਆਂ ਹੀ ਫੁਲਝੜੀਆਂ
ਅੱਜ ਉਹ ਗੀਤ ਜੇ ਗਾਓ ਤਾਂ ਕੋਈ ਗੱਲ ਵੀ ਹੈ।
***
ਹੋਵੇ ਮੁਬਾਰਕ ਸਭ ਨੂੰ ਚਾਨਣ ਦਾ ਇਹ ਤਿਉਹਾਰ
ਹਰ ਤਰਫ ਜਗਮਗਾਉਂਦੇ ਲੜੀਆਂ ਦੇ ਰਾਣੀਹਾਰ
ਖੁਸ਼ੀਆਂ ਦੀ ਰੁੱਤ ਉੱਤਰੇ ਮਨ ਦੇ ਸਰਾਂ ਦੇ ਅੰਦਰ
ਰੂਹ ਦੇ ਬਨੇਰੇ ਲਹਿ ਜਾਏ,ਕੋਈ ਦੀਵਿਆਂ ਦੀ ਡਾਰ।
ਹਰ ਰਾਤ’ਚ ਘੁਲ ਜਾਏ ਦੀਵਾਲੀ ਦਾ ਰੰਗ
ਕੋਈ ਚਾਨਣ ਰਹੇ, ਤੇਰੇ ਸਾਹਾਂ ਦੇ ਸੰਗ
ਤੇਰੇ ਰਾਹਾਂ ਵਿਚੋਂ, ਨ੍ਹੇਰਾ ਦੂਰ ਹੋ ਜਾਏ
ਦੀਵਾ ਜਗੇ , ਮੱਥਾ ਨੂਰੋ-ਨੂਰ ਹੋ ਜਾਏ।
ਲਾਹ ਕੇ ਨ੍ਹੇਰਿਆਂ ਦਾ ਖੇਸ
ਮਨ ਦੀ ਮਮਟੀ ਉਤੋਂ ਦੇਖ
ਦੇਖ ਕਿੰਨੇ ਦੀਵੇ ਬਲਦੇ
ਨੀਲਿਆਂ ਛਤਰਾਂ ਦੇ ਹੇਠ!
ਹੋਵੇ ਮੁਬਾਰਕ , ਖੇੜਿਆਂ ਚਾਅਵਾਂ ਦਾ ਕਾਫਿਲਾ
ਰੌਸ਼ਨੀ ਵਿੱਚ ਚਮਕਦੇ ਰਾਹਵਾਂ ਦਾ ਕਾਫਿਲਾ
ਰਾਤ ਇਹ,ਤੇਰੀ ਹਰੇਕ ਰਾਤ ਵਿੱਚ ਜਗਦੀ ਰਹੇ
ਭੇਜਦੀ ਹਾਂ ਅੱਜ ਦੁਆਵਾਂ ਦਾ ਕਾਫਿਲਾ।
ਸੰਪਰਕ: 001 604 763 1658