ਗੁਰੂ ਜੀ ਦੀ ਬੇਅਦਬੀ ਖਿਲਾਫ਼ - ਗੁਰਸੇਵਕ
Posted on:- 31-10-2015
ਜਿਸ ਧਰਤੀ ਦੇ ਲੋਕ ਮੁਰਦੇ ਇੱਕ ਥਾਂ ਨਹੀਂ ਜਲਾਉਂਦੇ।
ਜਿੱਥੇ ਇੱਕ-ਇੱਕ ਪਿੰਡ ਵਿਚ ਸੱਤ ਸੱਤ ਗੁਰੂਘਰ ਨੇ।
ਜਿੱਥੇ ਭਾਈ ਲਾਲੋ ਬੇਗਾਨੇ ਖੇਤਾਂ ਦੀਆਂ ਵੱਟਾਂ ’ਤੇ ਰੁਲਦਾ ਫ਼ਿਰਦਾ ਹੈ।
ਤੇ ਕਿਰਤ ਲੇਬਰ ਚੌਂਕਾਂ ਵਿਚ ਵਿਕਦੀ ਹੈ।
ਜਿੱਥੇ ਧੀਆਂ ਨੂੰ ਪਿਓ ਸਾਹਮਣੇ ਬੇਪੱਤ ਕਰਨ ਕੋਈ ਬਾਹਰੋਂ ਨਹੀਂ ਆਉਂਦਾ।
ਜਿੱਥੇ ਕੁੱਖਾਂ ਕੁੜੀਆਂ ਲਈ ਕਤਲਗਾਹਾਂ ਨੇ।
ਉਸ ਧਰਤੀ ਦੇ ਲੋਕ ਅੱਜ-ਕੱਲ੍ਹ ਬੜੇ ਬੇਚੈਨ ਨੇ।
ਗੁਰੂ ਜੀ ਦੀ ਬੇਅਦਬੀ ਖਿਲਾਫ਼ ਰੋਹ ਵਿੱਚ ਨੇ।
ਤਲਵਾਰਾਂ ਲਹਿਰਾ ਰਹੇ ਨੇ।
ਧਰਨੇ ਲਾ ਰਹੇ ਨੇ।
ਗੁਰੂ ਜੀ ਲਈ ਆਪਣਾ ਅਦਬ ਪ੍ਰਗਟਾ ਰਹੇ ਨੇ।
ਭਲਾ ਕਿਸੇ ਨੂੰ ਕੀ ਹੱਕ ਹੈ ਕਿ ਉਹ
ਉਸ ਗੁਰੂ ਦੀ ਬੇਅਦਬੀ ਕਰੇ
ਜੋ ਗੁਰੂ ਸਰਬੱਤ ਦਾ ਭਲਾ ਮੰਗਦਾ ਹੈ
ਜੋ ਗੁਰੂ ਕਹਿੰਦਾ ਹੈ ਕਿ ਰੱਬ ਇੱਕ ਹੈ ਤੇ ਸਾਰੇ ਮਨੁੱਖ ਬਰਾਬਰ ਨੇ
ਜੋ ਗੁਰੂ ਕਹਿੰਦਾ ਹੈ ਕਿ
‘ਫਕੜ ਜਾਤੀ ਫਕੜੁ ਨਾਉ ਸਭਨਾ ਜੀਆ ਇਕਾ ਛਾਉ‘
ਜੋ ਗੁਰੂ ਕਹਿੰਦਾ ਹੈ ਕਿ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ।
ਜੋ ਗੁਰੂ ਕਹਿੰਦਾ ਹੈ ਕਿ
‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ’
ਉਸ ਗੁਰੂ ਨੇ ਭਲਾ ਕਿਸੇ ਦਾ ਕੀ ਵਿਗਾੜਿਆ ਹੈ
ਕਿਸੇ ਨੂੰ ਕੀ ਹੱਕ ਹੈ ਕਿ ਗੁਰੂ ਜੀ ਦੀ ਬੇਅਦਬੀ ਕਰੇ ।
ਸੰਪਰਕ: +91 98144 82510