ਦੀਵੇ ਥੱਲੇ... - ਹਰਜਿੰਦਰ ਗੁਲਪੁਰ
Posted on:- 22-10-2015
ਲਾੜਿਆਂ ਬਿਨਾਂ ਬਰਾਤਾਂ ਘੁੰਮਣ, ਹਰ ਪਾਸੇ ਸਰਬਾਲੇ ਦਿਸਦੇ।
ਗੋਰੀ ਕੁੜੀ ਨੂੰ ਭਾਲਣ ਜਿਹੜੇ, ਕਿੱਕਰਾਂ ਤੋਂ ਵੀ ਕਾਲੇ ਦਿਸਦੇ।
ਆਬਸ਼ਾਰਾਂ ਵੱਲ ਤੁਰੀਆਂ ਸੱਸੀਆਂ, ਪੈਰਾਂ ਦੇ ਵਿਚ ਛਾਲੇ ਦਿਸਦੇ।
ਜਿਹਨਾਂ, ਪਿੱਛੇ ਪੁੱਤ ਮਰਵਾਏ, ਜ਼ਿੰਦਗੀ ਭਰ ਨਹੀਂ ਭਾਅਲੇ ਦਿਸਦੇ।
ਵੋਟਾਂ ਮੰਗਣ ਆਉਂਦੇ ਜਿਹੜੇ, ਰਾਣੀ ਖਾਂ ਦੇ ਸਾਲੇ ਦਿਸਦੇ।
'ਮੁੜਕੇ ਦੀ ਗੱਲ ਕਰਦੇ' ਹੱਥੀਂ , ਖੂਨ ਦੇ ਭਰੇ ਪਿਆਲੇ ਦਿਸਦੇ।
ਕੈਦੀ ਕਰਕੇ ਦੇਵਣ ਪਹਿਰਾ , ਬਾਹਰ ਲੱਗੇ ਹੋਏ ਤਾਅਲੇ ਦਿਸਦੇ।
ਕੋਈ ਨੀ ਇਥੇ ਬਚਾਵਣ ਵਾਲਾ, ਮਾਰਨ ਵਾਲੇ ਬਾਹਲੇ ਦਿਸਦੇ।
ਲੈਣ ਵੇਲੇ ਜੋ ਸੇਠ ਹੁੰਦੇ ਨੇ,ਮੋੜਨ ਲੱਗਿਆਂ ਲਾਅਲੇ ਦਿਸਦੇ।
"ਜੱਟ ਜੱਟਾਂ ਦੇ ਫੋਗੂ ਕਿਹਦਾ" , ਵਿਚੇ ਘਾਲੇ ਮਾਲੇ ਦਿਸਦੇ।
ਅੱਗਾਂ ਨਾਲ ਨਾਲ ਬੁਝਾਵਣ ਅੱਗਾਂ, ਇਹ ਗੈਰਾਂ ਦੇ ਚਾਲੇ ਦਿਸਦੇ।
ਇੱਕ ਪਾਸੇ ਖੁਦਕਸ਼ੀਆਂ ਹੋਵਣ, ਦੂਜੀ ਤਰਫ਼ ਟਰਾਲੇ ਦਿਸਦੇ।
ਜਦੋਂ ਵੀ ਕਦੇ ਦੀਵਾਲੀ ਆਉਂਦੀ, ਬਹੁਤੇ ਘਰੀਂ ਦਿਵਾਲੇ ਦਿਸਦੇ।
ਮਾਂ ਗੰਗਾ ਤੋਂ ਵੱਧ ਪਵਿੱਤਰ ,ਨਦੀਆਂ ਤੇ ਕਈ ਨਾਲੇ ਦਿਸਦੇ।
ਚਾਵਾਂ ਨਾਲ ਚੜਾਏ ਜਿਹੜੇ ,ਵਿਚ ਬਾਜ਼ਾਰ ਰੁਮਾਲੇ ਦਿਸਦੇ।
ਨੰਗੇ ਸਿਰਾਂ ਨੂੰ ਪਰੇ ਕਰਨ ਲਈ, ਬੰਨੇ ਸਿਰੀਂ ਦੁਮਾਲੇ ਦਿਸਦੇ।
ਭੀੜ ਦਾ ਕੋਈ ਨਹੀਂ ਚਿਹਰਾ ਹੁੰਦਾ, ਸਭ ਤਿਰਸ਼ੂਲਾਂ ਵਾਲੇ ਦਿਸਦੇ।
ਬਿਨਾਂ ਸਿਰਾਂ ਤੋਂ ਵੱਗ ਫਿਰਦੇ ਨੇ , ਹੱਥਾਂ ਦੇ ਵਿਚ ਭਾਲੇ ਦਿਸਦੇ।
ਤਵਾਰੀਖ ਵਿਚ ਏਸ ਤਰ੍ਹਾਂ ਦੇ ,ਥਾਂ ਥਾਂ ਬਹੁਤ ਹਵਾਲੇ ਦਿਸਦੇ।
'ਦੀਵੇ' ਥੱਲੇ ਸਦਾ 'ਹਨੇਰਾ', 'ਦੀਵਿਉਂ' ਪਰੇ 'ਉਜਾਲੇ' ਦਿਸਦੇ।
ਸੰਪਰਕ: 0061 469 976214
heera sohal
Sir fogu da ki meaning hoya g.plz.