ਮੇਰਾ ਪਿਆਰ ਤੇਰਾ ਪਿਆਰ -ਨੀਲ
Posted on:- 21-10-2015
ਮੇਰਾ ਪਿਆਰ ਤਾਂ ਨਿਆਣਿਆਂ ਦੀ ਭੁੱਖ ਵਰਗਾ ਹੈ
ਜੋ ਹਰ ਪਹਿਰ ਮਗਰੋਂ ਹੀ ਜਾਗ ਸਤਾਉਂਦੀ ਹੈ
ਮੇਰਾ ਪਿਆਰ ਤਾਂ ਖ਼ਰ-ਪਤਵਾਰ ਵਰਗਾ ਹੈ
ਜੋ ਨਿੱਤ ਦਿਨ ਹੀ ਪੁੱਟਣੀ ਪੈਂਦੀ ਹੈ,
ਮੇਰਾ ਪਿਆਰ ਤਾਂ ਕਿਸੇ ਰੁੱਖ ਦੀ ਮਜ਼ਬੂਤ ਟਾਣ੍ਹੀ ਵਰਗਾ ਹੈ
ਜਿਸ ਉੱਪਰ ਹਰ ਹਫਤੇ ਕੋਈ ਨਾ ਕੋਈ ਲੋਥ ਝੂਲ ਜਾਂਦੀ ਹੈ
ਮੇਰਾ ਪਿਆਰ ਤਾਂ ਕਰਜ਼ੇ ਦੀ ਕਿਸ਼ਤ ਵਰਗਾ ਹੈ
ਜੋ ਹਰ ਮਹੀਨੇ ਹੀ ਮੋੜਨੀ ਤੈਅ ਬਣਦੀ ਹੈ
ਮੇਰਾ ਪਿਆਰ ਤਾਂ ਖੇਤੀ ਦੀ ਕਿਸੇ ਪੱਤ੍ਰਿਕਾ ਵਰਗਾ ਹੈ
ਜੋ ਹਰ ਤਿਮਾਹੀ ਦੇ ਅੰਤ ਬਾਅਦ ਪ੍ਰਕਾਸ਼ਿਤ ਹੁੰਦੀ ਹੈ
ਮੇਰਾ ਪਿਆਰ ਤਾਂ ਸੌਣੀ-ਹਾੜੀ ਵਰਗਾ ਹੈ
ਜੋ ਹਰ ਛਿਮਾਹੀ ਪੱਕਦੀ ਅਤੇ ਗਹਿੰਦੀ ਹੈ
ਮੇਰਾ ਪਿਆਰ ਤਾਂ ਗਰਭ ਜੂਨੀ ਵਰਗਾ ਹੈ
ਜੋ ਹਰ ਨੋਮਾਹੀ ਗ਼ੁਰਬਤ ਨੂੰ ਜੰਮਦੀ ਹੈ
ਮੇਰਾ ਪਿਆਰ ਤਾਂ ਮਹੂਏ ਦੀ ਕਲੀ ਵਰਗਾ ਹੈ
ਜੋ ਹਰ ਵਰ੍ਹੇ ਮਗਰੋਂ ਇਕ ਵਾਰ ਹੀ ਫੁੱਟਦੀ ਹੈ
ਗ਼ਨੀਮਤ ਹੈ,
ਮੇਰਾ ਪਿਆਰ ਤੇਰੀ ਸਿਆਸੀ ਚੌਣ-ਮੁਹਿਮ ਵਰਗਾ ਨਹੀਂ
ਜੋ ਪੰਜ ਵਰ੍ਹਿਆਂ ਮਗਰੋਂ ਸਿਰਫ ਇਕ ਵਾਰ ਹੀ ਸ਼ਕਲ ਵਿਖਾਉਂਦੀ ਹੈ।