ਵੇਖ ਆਇਆਂ ਪੰਜਾਬ - ਰਵੇਲ ਸਿੰਘ ਇਟਲੀ
Posted on:- 18-10-2015
ਵੇਖ ਆਇਆਂ ਪੰਜਾਬ ਆਪਣਾ , ਵੇਖ ਆਇਆਂ ਪੰਜਾਬ ।
ਲੱਗਦਾ ਹੈ ਕੁਮਲਾਇਆ ਹੋਵੇ ,ਜਿਊਂ ਕੋਈ ਫੁੱਲ ਗੁਲਾਬ ।
ਬੇ ਸਿਰਨਾਵੀਂ ਚਿੱਠੀ ਵਾਂਗੋਂ , ਜਾਂ ਫਿਰ ਫ਼ਟੀ ਕਿਤਾਬ ।
ਰੰਗਲੇ ਹੱਸਦੇ ਦੇਸ਼ ਮੇਰੇ ਦਾ , ਮੱਠਾ ਪਿਆ ਸ਼ਬਾਬ ।
ਨਸ਼ਿਆਂ ਵਿੱਚ ਜਵਾਨੀ ਡੁੱਬੀ ਪਿੱਛੇ ਪਈ ਸ਼ਰਾਬ ।
ਨੇਤਾ ਹਾਕਮ ਨਾਦਰ ਬਣ ਗਏ , ਫਿਰਦੇ ਵਾਂਗ ਨਵਾਬ ।
ਦਿਨੇ ਦਿਹਾੜੇ ਲੁੱਟਾਂ ਖੋਹਾਂ , ਹਰ ਥਾਂ , ਬੇ ਹਿਸਾਬ ।
ਨਾ ਪਿੱਪਲ ਨਾਂ ਬੋਹੜਾਂ ਲੱਭੀਆਂ , ਨਾ ਹੀ ਛੱਪੜ ਢਾਬ ।
ਉੱਚੀਆਂ ਬਣੀਆਂ ਬਹੁਤ ਕੋਠੀਆਂ ਪਰ ਨਾ ਗਈ ਸਲ੍ਹਾਬ ।
ਸਹਿਕ ਰਹੀ ਕਿਰਸਾਣੀ ਵੇਖੀ , ਹੁੰਦੀ ਖੇਹ ਖਰਾਬ ।
ਧਰਮ ਕਰਮ ਦਿਆਂ ਠੇਕੇਦਾਰਾਂ ਪਾਇਆ ਅਜਬ ਨਕਾਬ ।
ਸੱਭਿਆਚਾਰ ਦੀ ਮਿੱਟੀ ਬਲਦੀ , ਨਾਲੇ ਅਦਬ ਅਦਾਬ ।
ਖੋਹ ਲਿਆ ਕਿਸੇ ਕੁਲਹਿਣੇ ਲੱਗਦਾ ਲੱਗਾ ਖੰਭ ਸੁਰਖ਼ਾਬ ।
ਮੈਂ ਮੁੜ ਆਇਆਂ ਹਾਂ ਵਾਪਸ ਛੇਤੀ ਝੁਲਸੇ ਵੇ਼ਖ ਖੁਆਬ ।
ਵਾਪਸ ਆ ਕੇ ਸੋਚ ਰਿਹਾ ਹਾਂ , ਮੈਂ ਤਾਂ ਇਹੋ ਜਨਾਬ ।
ਰੰਗਾਂ ਦੀ ਧਰਤੀ ਤੇ ਵੇਖੇ , ਦੁੱਖਾਂ ਭਰੇ ਤਲਾਬ ।
ਮਿੱਟੀ ਪੰਜ ਦਰਿਆਂਵਾਂ ਦੀ , ਝੱਲੇ ਜਦੋਂ ਅਜ਼ਾਬ ।
ਪੀੜ ਪਰੁੱਚੇ ਖੰਭਾਂ ਵਾਲਾ , ਉੱਡੇ ਕਿਵੇਂ ਉਕਾਬ ।
ਨਾਨਕ ਬੁਲ੍ਹਾ ਵਾਰਸ ਝੂਰਣ , ਰਾਵੀ ਅਤੇ ਚਨਾਬ ।
ਵੇਖ ਆਇਆਂ ਪੰਜਾਬ ਆਪਣਾ ਵੇਖ ਆਇਆਂ ਪੰਜਾਬ ।