ਜਗਤਾਰ ਸਾਲਮ ਦੀਆਂ ਕੁਝ ਗ਼ਜ਼ਲਾਂ
Posted on:- 16-02-2012
ਵੇਚ ਦੇਵਾਂ ਗੀਤ ਵਿਉਪਾਰੀ ਨਹੀਂ
ਮੈਂ ਕਵੀ ਹਾਂ ਕੋਈ ਦਰਬਾਰੀ ਨਹੀਂ
ਪੱਥਰਾਂ ਤੋਂ ਵੀ ਕਿਤੇ ਭਾਰਾ ਹੈ ਇਹ
ਚੀਜ਼ ਹੌਕੇ ਤੋਂ ਕੋਈ ਭਾਰੀ ਨਹੀਂ
ਕੋਲ ਤੇਰੇ ਬਚਿਆ ਹੁੰਦਾ ਬਹੁਤ ਕੁਝ
ਚੀਕ ਪਰ ਤੂੰ ਵਕਤ ਸਿਰ ਮਾਰੀ ਨਹੀਂ
ਇਹ ਧੁਖ਼ੇਗੀ ਹਿੱਕ ਵਿਚ ਤੇਰੇ ਸਦਾ
ਲਾਟ ਬਣ ਜਾਏ ਉਹ ਚਿੰਗਾਰੀ ਨਹੀਂ
ਫਿਰ ਲੜਾਂਗਾ ਜਦ ਕਦੇ ਮਿਲਿਆ ਸਮਾਂ
ਇਹ ਲੜਾਈ ਮੈਂ ਅਜੇ ਹਾਰੀ ਨਹੀਂ
ਬੇਖ਼ਬਰ ਉੱਡਦਾ ਪਰਿੰਦਾ ਮਾਰਨਾ
ਜਾਲਸਾਜ਼ੀ ਹੈ, ਇਹ ਹੁਸ਼ਿਆਰੀ ਨਹੀਂ
***
ਜੀਣ ਜੋਗਾ ਕੁਝ ਕਦੇ ਕਰਿਆ ਨਹੀਂ
ਪਰ ਅਜੇ ਤਕ ਫੇਰ ਵੀ ਮਰਿਆ ਨਹੀਂ
ਦੋਸ਼ ਲਾਉਂਦੇ ਨੇ ਬਗ਼ਾਵਤ ਕਰਨ ਦਾ
ਮੈਂ ਤਾਂ ਹੌਕਾ ਤਕ ਕਦੇ ਭਰਿਆ ਨਹੀਂ
ਅੱਗ ਵੀ ਲੱਗੀ ਜਰੀ ਹੈ ਏਸ ਨੇ
ਦੱਸ! ਇਸ ਜੰਗਲ ਨੇ ਕੀ ਜਰਿਆ ਨਹੀਂ
ਸੜ ਰਿਹਾ ਸੀ ਅੱਗ ਵਿਚ ਜੰਗਲ ਜਦੋਂ
ਉਸ ਸਮੇਂ ਬੱਦਲ ਕੋਈ ਵਰਿਆ ਨਹੀਂ
ਡਰ ਗਿਆ ਉਹ ਕੱਲ ਅਪਣੇ ਸਾਏ ਤੋਂ
ਆਦਮੀ ਜੋ ਮਰਨ ਤੋਂ ਡਰਿਆ ਨਹੀਂ
ਪੌਣ ਆਖੇ ਏਸਨੂੰ ਰਾਹ ਭੁਲ ਗਿਆ
ਪੌਣ ਤੋਂ ਰਾਹੀ ਜਦੋਂ ਹਰਿਆ ਨਹੀਂ
***
ਝੁਕਾਇਆ ਪਰ ਨਹੀਂ, ਜਿਸ ਸਿਰ ਕਟਾਇਆ ਹੈ
ਉਸੇ ਨੇ ਹੀ ਸਿਦਕ ਦਾ ਭੇਦ ਪਾਇਆ ਹੈ
ਉਸੇ ਦੀ ਚੀਸ ਹੈ ਹਰ ਇਕ ਹਓਕੇ ਵਿਚ
ਮੈਂ ਜਿਹੜੇ ਜ਼ਖ਼ਮ ਤੋਂ ਸੀਨਾ ਬਚਾਇਆ ਹੈ
ਗਰਾਂ ਤੋਂ ਸ਼ਹਿਰ ਆ ਕੇ ਇਸ ਤਰ੍ਹਾਂ ਲਗਦੈ
ਕਿ ਪੁਟ ਕੇ ਧਰਤ ’ਚੋਂ ਗਮਲੇ ’ਚ ਲਾਇਆ ਹੈ
ਉਦੇ ਖ਼ਾਬਾਂ ਦਾ ਖ਼ਬਰੇ ਕੀ ਬਣੇਗਾ ਹੁਣ
ਮੈਂ ਜਿਸਨੂੰ ਨੀਂਦਰਾਂ ਵਿੱਚੋਂ ਜਗਾਇਆ ਹੈ
ਜੋ ਸੀਨੇ ਲਗਦਿਆਂ ਹੀ ਚੀਰ ਦੇ ਸੀਨਾ
ਕੀ ਐਸਾ ਦਰਦ ਤੂੰ ਸੀਨੇ ਲਗਾਇਆ ਹੈ
ਲੈ ਖ਼ੰਜਰ ਫੇਰ ਸੀਨੇ ਮਾਰ ਇਕ ਵਾਰੀ
ਬੜੇ ਚਿਰ ਬਾਦ ਫਿਰ ਆਰਾਮ ਆਇਆ ਹੈ
ਚਿਰਾਗ਼ਾਂ ਨਾਲ ਸੜਿਆ ਹੈ ਨਗਰ ਸਾਰਾ
ਸੁਣੋ! ਯਾਰੋ ਬਹਾਨਾ ਕੀ ਬਣਾਇਆ ਹੈ
ਘਰਾਂ ਵਿਚ ਉਹ ਕਦੇ ਹਾਸਲ ਨਹੀਂ ਹੋਇਆ
ਮੈਂ ਜੋ ਕੁਝ ਤੁਰਦਿਆਂ ਰਾਹਾਂ ’ਚ ਪਾਇਆ ਹੈ
ਕਿ ਉਸਨੂੰ ਭੇਜਿਆ ਸੀ ਸਾਜ਼ ਦੀ ਖਾਤਰ
ਖ਼ਰੇ ਹਥਿਆਰ ਉਹ ਕਿੱਥੋਂ ਲਿਆਇਆ ਹੈ
ਰਤਾ ਵਿਸ਼ਵਾਸ ਨੀਂ ਹੁੰਦਾ ਕਿਸੇ ਨੂੰ ਵੀ
ਕਿ ਫ਼ੌਜਾਂ ਨੂੰ ਸਜ਼ਿੰਦੇ ਨੇ ਹਰਾਇਆ ਹੈ
ਕਿ ਅਪਣੇ ਸਾਏ ਤੋਂ ਵੀ ਥਾਂ ਥਾਂ ਬਚਦਾ ਹਾਂ
ਬੜੀ ਵਾਰੀ ਇਨੇ ਮੈਨੂੰ ਡਰਾਇਆ ਹੈ
***
ਨਾ ਤਾਂ ਮੈਂ ਤਲਵਾਰ ਦਿਆਂ ਤੇ ਨਾ ਹੀ ਕਿਸੇ ਨੂੰ ਢਾਲ ਦਿਆਂ
ਮੈਂ ਤਾਂ ਸੁੱਤੇ ਹੋਏ ਬੰਦੇ ਨੂੰ ਜਾਗਣ ਦਾ ਖ਼ਿਆਲ ਦਿਆਂ
ਨਾ ਮੈਂ ਸ਼ਾਇਰ ਨਾ ਰਾਗ਼ੀ ਹਾਂ ਨਾ ਰਾਜਾ ਨਾ ਬਾਗ਼ੀ ਹਾਂ
ਮੈਂ ਤਾਂ ਇੱਕ ਸਧਾਰਣ ਬੰਦਾ ਦਰਿਆ ਕਿੰਝ ਉਛਾਲ ਦਿਆਂ
ਰਾਗ਼ ਸੁਰਾਂ ਦਾ ਯਾਰੋ! ਮੈਨੂੰ ਰੱਤੀ ਭਰ ਵੀ ਗਿਆਨ ਨਹੀਂ
ਮੈਂ ਸੀਨੇ ਦੀ ਅਗਨ ਛੁਹਾ ਕੇ ਦੀਪ ਹਜ਼ਾਰਾਂ ਬਾਲ ਦਿਆਂ
ਨਾ ਹੀ ਨੀਂਦ ’ਚ ਬੇਚੈਨੀ ਨਾ ਅੱਖ ’ਚ ਭੋਰਾ ਰੜਕ ਦਿਸੇ
ਤੂੰ ਹੀ ਦੱਸ! ਮੈਂ ਤੇਰੇ ਖਾਤਰ ਸੁਪਨੇ ਕਿੱਥੋਂ ਭਾਲ਼ ਦਿਆਂ
ਤੈਨੂੰ ਕੋਈ ਪੀੜ ਨਾ ਹੋਵੇ ਇਹ ਤਾਂ ਮੈਂ ਕਰ ਸਕਦਾ ਨੀਂ
ਮੈਂ ਤਾਂ ਇਹ ਕਰ ਸਕਦਾਂ ਤੇਰਾ ਦਰਦ ਗ਼ਜ਼ਲ ਵਿਚ ਢਾਲ ਦਿਆਂ
ਜੇ ਪੌਣਾਂ ਦਾ ਹੁਕਮ ਨਾ ਹੋਵੇ ਹੌਕਾ ਵੀ ਨੀਂ ਭਰ ਸਕਦਾ
ਮੇਰੀ ਏਨੀ ਹਿੰਮਤ ਕਿੱਥੇ ਵਗਦੀ ਪੌਣ ਨੂੰ ਗਾਲ ਦਿਆਂ
ਜੇ ਘਰ ਨੂੰ ਅੱਗ ਲੱਗੀ ਹੁੰਦੀ ਟਲ ਜਾਣਾ ਸੀ ਆਪ ਕਿਤੇ
ਜੰਗਲ ਨੂੰ ਅੱਗ ਲੱਗੀ ਹੈ ਦੱਸ! ਕਿਵੇਂ ਮਸਲਾ ਟਾਲ ਦਿਆਂ
***
ਤੁਰਦਿਆਂ ਰਾਵਾਂ ’ਚ ਅਪਣਾ ਖ਼ਿਆਲ ਰੱਖੀਂ
ਸਾਜ਼ ਤੇ ਕਿਰਪਾਨ ਅਪਣੇ ਨਾਲ ਰੱਖੀਂ
ਹੋ ਗਈ ਕਿਸ ਗੱਲ ਤੋਂ ਜੰਗਲ ਵਿਰੋਧੀ
ਪੌਣ ਸਾਵੇਂ ਇੱਕ ਇਹ ਵੀ ਸੁਆਲ ਰੱਖੀਂ
ਚੇਤਿਆਂ ਵਿਚ ਰਹਿ ਸਕੇ ਤਾਂ ਜੋ ਉਹ ਤੇਰੇ
ਕੁਝ ਖ਼ਤਾਂ ਨੂੰ ਅੰਤ ਤਕ ਸੰਭਾਲ ਰੱਖੀਂ
ਲਭਦਿਆਂ ਮੰਜ਼ਿਲ ਕਿਤੇ ਖ਼ੁਦ ਗੁੰਮ ਜਾਵੇਂ
ਨਾਲ ਅਪਣੇ ਆਪ ਦੀ ਵੀ ਭਾਲ਼ ਰੱਖੀਂ
ਹਾਰ ਜਾਵੇਗੀ ਹਵਾ ਆਖ਼ਰ ਨੂੰ ਆਪੇ
ਦੀਪ ਤੂੰ ਹਰ ਹਾਲ ਦੇ ਵਿਚ ਬਾਲ ਰੱਖੀਂ
***
ਨਾ ਚੋਰਾਂ ਕੋਲੋਂ ਤੇ ਨਾ ਹਥਿਆਰਾਂ ਤੋਂ ਡਰ ਲਗਦਾ ਹੈ
ਏਥੋਂ ਦੇ ਲੋਕਾਂ ਨੂੰ ਪਹਿਰੇਦਾਰਾਂ ਤੋਂ ਡਰ ਲਗਦਾ ਹੈ
ਸੜਦੇ ਜੰਗਲ ਦੀ ਫੋਟੋ ਕੀ ਦੇਖ ਲਈ ਅਖ਼ਬਾਰਾਂ ਵਿਚ
ਬਸ! ਉਸ ਦਿਨ ਤੋਂ ਹੀ ਇਸਨੂੰ ਅਖ਼ਬਾਰਾਂ ਤੋਂ ਡਰ ਲਗਦਾ ਹੈ
ਇਸਦੀ ਛਾਵੇਂ ਬਹਿ ਕੇ ਯਾਰੋ! ਕਰਿਆ ਨਾ ਕਰੋ ਅੱਗ ਦੀ ਗੱਲ
ਮੇਰੇ ਵਿਹੜੇ ਦੇ ਰੁੱਖ ਨੂੰ ਅੰਗਿਆਰਾਂ ਤੋਂ ਡਰ ਲਗਦਾ ਹੈ
ਇਕ ਪਲ ਤਾਂ ਆਉਂਦਾ ਹੈ ਮਨ ਵਿਚ ਬਾਗ਼ੀ ਹੋਵਣ ਦਾ ਖ਼ਿਆਲ
ਦੂਜੇ ਪਲ ਫਿਰ ਅਪਣੇ ਇਨਾਂ ਵਿਚਾਰਾਂ ਤੋਂ ਡਰ ਲਗਦਾ ਹੈ
ਫ਼ੌਜਾਂ ਨੇ ਤੇਰੀਆਂ ਕਵਿਤਾਵਾਂ ਤੋਂ ਨੀਂ ਡਰਨਾ ਐ ਸਾਲਮ!
ਫ਼ੌਜਾਂ ਨੂੰ ਤਾਂ ਬਸ! ਤੀਰਾਂ, ਤਲਵਾਰਾਂ ਤੋਂ ਡਰ ਲਗਦਾ ਹੈ
***
ਫੇਰ ਜ਼ਖ਼ਮੀ ਪੰਛੀਆਂ ਦੀ ਡਾਰ ਆਈ
ਖ਼ਾਬ ਦੇ ਵਿਚ ਰਾਤ ਵੀ ਤਲਵਾਰ ਆਈ
ਰੁੱਖ ਵਿਹੜੇ ਦਾ ਖ਼ਰੇ ਕਿਉਂ ਡਰ ਗਿਆ ਸੀ
ਮੇਰੀ ਦੇਲੀ ’ਤੇ ਜਦੋਂ ਅਖ਼ਬਾਰ ਆਈ
ਮੇਰੇ ਕਿੱਸੇ ਵਿਚ ਕਿਤੇ ਵੀ ਹਾਰ ਹੈ ਨੀਂ
ਮੇਰੇ ਹਿੱਸੇ ਵਿਚ ਹਮੇਸ਼ਾ ਹਾਰ ਆਈ
ਥਹੁ ਪਤਾ ਜੰਗਲ ਦਾ ਮਿਲ ਜਾਵੇ ਕਿਤੇ ਜੇ
ਅੱਗ ਮੇਰੇ ਕੋਲ ਕਿੰਨੀ ਵਾਰ ਆਈ
ਮਾਰ ਦੇਣਾ ਸੀ ਮੈਂ ਖ਼ੁਦ ਨੂੰ ਬਹੁਤ ਪਹਿਲਾਂ
ਬਚ ਗਿਆ ਕਵਿਤਾ ਜਦੋਂ ਵਿਚਕਾਰ ਆਈ
VINOD KUMAR
bahut hi sohnian veer g. . .