ਯਥਾਰਥ –ਨਿਰਮਲ ਦੱਤ
Posted on:- 03-10-2012
ਸਰਹੱਦਾਂ ਦੇ ਜ਼ਖ਼ਮ
ਹਮੇਸ਼ਾ ਵਾਂਗ ਹਰੇ ਨੇ,
ਝੌਂਪੜੀਆਂ 'ਤੇ
ਸਦਾ ਵਾਂਗ ਹੀ
ਸ਼ੀਸ਼ ਮਹਿਲ ਦੀ ਕਾਲੀ ਛਾਂ ਹੈ,
ਪਹਿਲਾਂ ਵਾਂਗੂੰ
ਗੰਗਾ ਦੇ ਨਿਰਮਲ ਪਾਣੀ ਵਿੱਚ
ਨਿੱਕੇ-ਵੱਡੇ ਪਾਪ ਘੁਲ ਰਹੇ,
ਖ਼ਾਹਸ਼ਾਂ ਤੇ ਖ਼ਾਬਾਂ ਦਾ
ਇੱਕ ਕੋਹਰਾਮ
ਨਿਰੰਤਰ
ਨੀਂਦਾਂ ਦੇ ਪਿੰਡੇ ਨੂੰ ਲੜਦਾ,
ਪਰ ਮਾਂ ਦੀ ਲੋਰੀ
ਦੂਰ ਖ਼ਲਾਅ ਵਿੱਚ
ਗੁੰਮ ਨਹੀਂ ਹੋਈ:
ਹੁਣੇ-ਹੁਣੇ ਜੰਮੀਂ ਬੱਚੀ ਦੇ
ਲਹੂ-ਕਣਾਂ ਵਿੱਚ ਲਿਖੀ ਗਈ ਹੈ,
ਪੂਜਾ ਘਰ ਦੇ ਬੁੱਤ
ਹਮੇਸ਼ਾ ਵਾਂਗ ਸਲਾਮਤ:
ਨਿੱਕੇ-ਵੱਡੇ ਡਰ ਤੇ ਸੰਸੇ
ਧੂਫ਼ ਧੁਖੇ ਤਾਂ
ਪਤਾ ਨਹੀਂ ਕਿੰਝ ਉੱਡ ਜਾਂਦੇ ਨੇ?
ਸੰਤਾਂ ਦੀ ਬਾਣੀ 'ਚੋਂ
ਕੁਝ-ਕੁਝ ਮਿੱਠਾ-ਮਿੱਠਾ
ਮਸਤੀ ਵਰਗਾ
ਦਿਲ ਦੀਆਂ ਕਸੀਆਂ ਨਾੜਾਂ ਨੂੰ
ਸਹਿਲਾਅ ਜਾਂਦਾ ਹੈ,
ਮੀਂਹ ਪੈਂਦਾ ਹੈ
ਮੋਰਾਂ ਦੇ ਪੈਰਾਂ ਵਿੱਚ
ਸੁੱਤੇ ਨਿਰਤ ਜਾਗਦੇ,
ਫੁੱਲ ਉੱਗਦੇ ਨੇ
ਸਿਰ ਤੋਂ ਨੰਗੀਆਂ ਮਹਿਕਾਂ
ਪਿੰਡ ਦੀਆਂ ਜੂਹਾਂ ਦੇ ਵਿੱਚ
ਨਸ਼ਿਆਈਆਂ-ਨਸ਼ਿਆਈਆਂ ਘੁੰਮਣ,
ਖੇਤਾਂ ਦੇ ਵਿੱਚ ਦਾਣੇ ਪੱਕਦੇ
ਚਾਨਣੀਆਂ ਰਾਤਾਂ ਵਿੱਚ ਕੀਤੇ
ਨਾਲ ਜੀਣ ਦੇ
ਨਾਲ ਮਰਨ ਦੇ
ਪੱਕੇ ਵਾਅਦੇ
ਕਬਰਾਂ ਤੀਕ ਨਿਭਾਏ ਜਾਂਦੇ,
ਬੇ-ਸ਼ੱਕ
ਸਰਹੱਦਾਂ ਦੇ ਜ਼ਖ਼ਮ
ਹਮੇਸ਼ਾ ਤਾਜ਼ੇ
ਸਰਹੱਦਾਂ ਤੋਂ ਐਧਰ-ਔਧਰ
ਇੱਕ-ਅੱਧ ਸੁਪਨਾ ਅੱਖ ਵਿੱਚ ਰੱਖ ਕੇ
ਇੱਕ-ਅੱਧ ਆਸ ਵਸਾ ਕੇ ਦਿਲ ਵਿੱਚ
ਇੱਕ-ਅੱਧ ਗੀਤ ਸਜਾ ਬੁੱਲ੍ਹਾਂ 'ਤੇ
ਜੀਵਨ ਗਤੀਸ਼ੀਲ ਹੈ ਹਰਦਮ
ਜੀਵਨ ਗਤੀਸ਼ੀਲ ਹੈ ਹਰਦਮ।