ਗ਼ਜ਼ਲ -ਸ਼ਮਸ਼ੇਰ ਸਿੰਘ ਸੰਧੂ
Posted on:- 29-09-2015
ਤੇਰੇ ਬਿਨਾਂ ਹੈ ਜੀਵਣ ਬਿਲਕੁਲ ਹਨੇਰ ਮੇਰਾ
ਦੀਪਕ ਨੂੰ ਲੌ ਜੇ ਲਿਪਟੇ ਕਰਦਾ ਹੈ ਦੂਰ ਨ੍ਹੇਰਾ।
ਹੋਕੇ ਜੁਦਾ ਹੈ ਜੀਣਾ ਮਛਲੀ ਦੇ ਵਾਂਗ ਮੁਸ਼ਕਿਲ
ਅੱਖਾਂ ’ਚ ਆਣ ਲਾਇਆ ਪਾਣੀ ਨੇ ਤਾਂ ਹੀ ਡੇਰਾ।
ਟਹਿਕਣ ਗੁਲਾਬ ਕਲੀਆਂ ਜ਼ੀਨਤ ਨੇ ਉਹ ਚਮਨ ਦੀ
ਖ਼ਾਰਾਂ ਨੇ ਹਿੱਕ ਚੀਰੀ ਬੁਲਬੁਲ ਦਾ ਵੇਖ ਜੇਰਾ।
ਨ੍ਹੇਰੇ ਨੂੰ ਆਣ ਚੀਰੇ ਸੂਰਜ ਦੀ ਰੋਜ਼ ਲਾਲੀ
ਮਿਲਕੇ ਜੇ ਰਾਤ ਗੁਜ਼ਰੇ ਭਾਵੇਂ ਤਦੇ ਸਵੇਰਾ।
ਗੁਥਲੀ ‘ਚ ਨਾਗ ਕਾਲੇ ਕੀਲੇ ਤੇ ਪਾ ਲਵੇ ਹੈ
ਮਾਰੇ ਕੀ ਆਣ ਮੰਤਰ ਇਸ਼ਕੇ ਦਾ ਇਹ ਸਪੇਰਾ।
ਫੁੱਲਾਂ ’ਤੇ ਭੌਰ ਭੌਂਦਾ ਗੁਣਗੁਣ ਉਹ ਗੁਣ ਗਣਾਵੇ
ਏਸੇ ਤਰ੍ਹਾਂ ਐ ਮਹਿਰਮ ਬੁੱਲ੍ਹਾਂ ’ਤੇ ਨਾਮ ਤੇਰਾ।
ਨਾਗਾਂ ਨੂੰ ਬੀਨ ਭਾਵੇਂ ਜ਼ਹਿਰਾਂ ਨੂੰ ਮਾਤ ਕਰਦੀ
ਮਸਤੇ ਇਹ ਨਾਗ ਕਾਲੇ ਚਿਹਰੇ ਨੂੰ ਪਾਣ ਘੇਰਾ।