ਟੁੱਕ ਦਿੱਲੀਓਂ... - ਹਰਜਿੰਦਰ ਗੁਲਪੁਰ
Posted on:- 25-09-2015
ਕਿੱਦਾਂ ਕਿਸੇ ਦੇ ਨਾਲ ਵਰਤਾਉ ਕਰਨਾ,
ਹਰ ਇੱਕ ਦੇ ਆਪਣੇ ਢੰਗ ਹੁੰਦੇ।
ਆਪਣੇ ਮੂੰਹ ਤੋਂ ਆਪ ਦੀ ਸਿਫਤ ਕਰਦੇ,
ਆਮ ਤੌਰ ’ਤੇ ਬੰਦੇ ਮਲੰਗ ਹੁੰਦੇ।
ਲੜਨ ਲਈ ਮੈਦਾਨ ਰਹਿ ਗਏ ਥੋਹੜੇ,
ਫੇਸਬੁੱਕਾਂ ਦੇ ਆਸਰੇ ਜੰਗ ਹੁੰਦੇ।
ਦੋਸ਼ੀ ਸੜਕਾਂ ਤੇ ਬਾਹਰ ਲਲਕਾਰਦੇ ਨੇ,
ਅੰਦਰ ਐਵੇਂ ਬੇਦੋਸ਼ੇ ਹੀ ਟੰਗ ਹੁੰਦੇ।
ਛੜੇ ਦੇਸ਼ ਦੇ ਕਰਨ ਵਿਚੋਲ ਗਿਰੀਆਂ
ਦੁਨੀਆਂਦਾਰ ਸਭ ਦੇਖ ਕੇ ਦੰਗ ਹੁੰਦੇ।
ਤੱਕਿਆ ਪਹਿਲੜੀ ਵਾਰ ਪੰਜਾਬੀਆਂ ਨੇ,
ਨੀਲੇ ਭਗਵਿਆਂ ਦੇ ਵਿਚ ਰੰਗ ਹੁੰਦੇ।
ਅੱਜ 'ਰਾਜੇ ਰਣਜੀਤ' ਦੇ ਰਾਜ ਅੰਦਰ,
ਭਰੇ 'ਅਟਕ' ਦਰਿਆ ਨੀ ਲੰਘ ਹੁੰਦੇ।
ਟੁੱਟ ਗਈਆਂ ਪੰਜਾਬ ਦੀਆਂ ਤਾਣੀਆਂ ਤੇ,
ਗੱਪਾਂ ਵਾਸਤੇ ਡਹੇ ਪਲੰਘ ਹੁੰਦੇ।
ਡਾਰਾਂ ਲੰਘੀਆਂ ਇਧਰ ਤੋਂ ਲੋਕ ਕਹਿੰਦੇ,
ਖਿੰਡੇ ਜਿਥੇ ਕੁ ਇੱਕ ਦੋ ਖੰਭ ਹੁੰਦੇ।
ਚੂੰਢ ਲਿਆ ਹੱਡ ਮਾਸ ਪੰਜਾਬੀਆਂ ਦਾ,
ਟੁੱਕ ਦਿੱਲੀਓਂ ਸੌਖੇ ਨੀ ਮੰਗ ਹੁੰਦੇ।
ਸੰਪਰਕ: 0061 469 976214
kashmir
nice