'ਲੋਕਰਾਜ' ਦਾ ਰਾਜ਼ - ਹਰਜਿੰਦਰ ਗੁਲਪੁਰ
Posted on:- 22-09-2015
ਪਹਿਲਾਂ ਪਹਿਲਾਂ ਅਸੀਂ ਵੀ ਸੁਣਦੇ ਹੁੰਦੇ ਸੀ,
ਲੋਕਰਾਜ ਵਿਚ ਰਾਜ ਹੁੰਦਾ ਹੈ ਲੋਕਾਂ ਦਾ,
ਚਾਰ ਚੁਫੇਰੇ ਉਡਦੇ ਚੰਬੇ ਚਿੜੀਆਂ ਦੇ,
ਫਸਤਾ ਵਢਿਆ ਜਾਂਦਾ ਆਕੀ ਬੋਕਾਂ ਦਾ।
ਸੁਣਦੇ ਸਾਂ ਕਿ ਰਾਜ ਜਦੋਂ ਇਹ ਆ ਜਾਂਦਾ,
ਖੌਫ਼ ਨੀ ਰਹਿੰਦਾ ਲੋਕਾਂ ਨੂੰ ਫਿਰ ਜੋਕਾਂ ਦਾ।
ਟੱਪਣੀ ਸੌਖੀ ਹੁੰਦੀ ਸਰਦਲ ਰਾਜੇ ਦੀ,
ਬਦਲ ਹੋਰ ਹੀ ਲਭਿਆ ਜਾਂਦਾ ਰੋਕਾਂ ਦਾ।
ਰਾਜੇ ਸ਼ੀਂਹ ਮੁਕੱਦਮ ਕੁੱਤੇ ਨਹੀਂ ਰਹਿੰਦੇ,
ਰਸਤਾ ਸੌਖਾ ਹੋ ਜਾਂਦਾ 'ਪਰਲੋਕਾਂ' ਦਾ।
ਜਿਹਦੇ ਵਾਰੇ ਪਰੀ ਕਹਾਣੀਆਂ ਸੁਣਦੇ ਸੀ,
ਸਮੇ ਨਾਲ ਉਹ 'ਲੋਕਰਾਜ' ਵੀ ਦੇਖ ਲਿਆ,
'ਲੋਕਰਾਜ' ਦੇ ਤਖਤ ਤੋਂ 'ਅਦਲੀ'ਰਾਜੇ ਦਾ,
ਲੋਕਾਂ ਉੱਤੇ ਡਿਗਦਾ ਗਾਜ਼ ਵੀ ਦੇਖ ਲਿਆ।
ਕਰਜ਼ੇ ਦੀ ਪੰਡ ਕੁੱਬਿਆਂ ਕਰ ਗਈ ਪਿੱਠਾਂ ਨੂੰ,
ਮੂਲ ਦੇ ਨਾਲੋਂ ਵੱਧ ਵਿਆਜ਼ ਵੀ ਦੇਖ ਲਿਆ।
ਦਿੱਲੀ ਦੇ ਦਿਲ ਵਾਲੀ ਧੜਕਣ ਬਣਿਆ ਜੋ,
ਗੱਪਾਂ ਵਾਲਾ ਵੱਜਦਾ ਸਾਜ਼ ਵੀ ਦੇਖ ਲਿਆ।
ਲੋਕ ਸੇਵਾ ਦੇ ਟਾਈਟਲ ਥੱਲੇ ਦੱਬਿਆ ਜੋ।
'ਲੋਕਰਾਜ' ਦਾ ਡੂੰਘਾ ਰਾਜ਼ ਵੀ ਦੇਖ ਲਿਆ।
ਸੰਪਰਕ: 0061 469 976214