ਇਨ੍ਹਾਂ ਸਮਿਆਂ ਦੀ ਪਰਿਭਾਸ਼ਾ - ਗੁਰਪ੍ਰੀਤ ਅਮਰਗੜ੍ਹ
Posted on:- 21-09-2015
ਅੱਜ ਕੱਲ ਤਾਂ ਬੱਦਲ਼ ਵੀ,
ਸਾਡੇ ਪਿੰਡ 'ਤੋਂ ਦੀ;
ਕੁਝ ਇਸ ਤਰ੍ਹਾਂ ਗੁਜ਼ਰ ਜਾਂਦੇ ਨੇ
ਜਿਵੇਂ ਕੋਈ ਪਰਦੇਸੀ,
ਕਿਸੇ ਅਣਜਾਣ ਪਿੰਡ ਦੇ
ਸਿਵਿਆਂ ਕੋਲ ਦੀ ਲੰਘਦਾ ਹੈ।
ਉਦਾਸ ਚਿਹਰੇ ਬਣਾਈ
ਪਿੰਡ ਦੇ ਜਾਨਵਰ ਵੀ,
ਕੁਝ ਇਸ ਤਰ੍ਹਾਂ ਝਾਕਦੇ ਨੇ
ਜਿਵੇਂ ਕੋਈ ਮਾਂ, ਵਰਜ ਰਹੀ ਹੋਵੇ
ਆਪਣੇ ਪੁੱਤ ਨੂੰ;
ਕੋਈ ਵੱਡਾ ਗੁਨਾਹ ਕਰਨ ਤੋਂ।
ਲੰਬੇ ਸਮੇਂ ਤੋਂ ਤਾਂ,
ਪਿੰਡ ਦੀ ਹਵਾ ਵੀ
ਅਜਿਹੇ ਗੀਤ ਗਾਉਂਦੀ ਹੈ
ਜਿਵੇਂ ਕਿਤੇ ਦੂਰ ਰੋਹੀ ਵਿੱਚ,ਅੱਧੀ ਰਾਤੀਂ
ਕੋਈ ਗਿੱਦੜ ਹਵਾਂਕਦਾ ਹੋਵੇ।
ਕਦੀ ਕਦੀ ਤਾਂ ਪਿੰਡ ਦੇ ਲੋਕ ਵੀ
ਕੁਝ ਇਸ ਤਰ੍ਹਾਂ ਹੱਸਦੇ ਨੇ
ਜਿਵੇਂ ਕੋਈ ਰਾਠ;
ਕਤਲ ਦੇ ਇਲਜ਼ਾਮ ’ਚੋਂ, ਬਾ-ਇੱਜ਼ਤ
ਬਰੀ ਹੋਣ ਤੋਂ ਬਾਅਦ ਹੱਸਦਾ ਹੈ।
ਹੁਣ ਤਾਂ ਮੰਦਰ ਦੇ ਟੱਲ ਵੀ
ਕੁਝ ਇਸ ਤਰ੍ਹਾਂ ਬੋਲਦੇ ਲਗਦੇ ਨੇ
ਜਿਵੇਂ ਕਹਿ ਰਹੇ ਹੋਣ
ਨਹੀਂ-ਨਹੀਂ-ਨਹੀਂ
ਭਗਵਾਨ ਦੇ ਕੰਨਾਂ ਤੱਕ
ਸਾਡੀ ਆਵਾਜ਼ ਪਹੁੰਚਦੀ ਨਹੀਂ
ਹੁਣ ਤੁਸੀਂ ਕਿਸੇ, ਵੱਡੇ ਘੜਿਆਲ ਦਾ
ਇਤਜ਼ਾਮ ਕਰੋ।
ਕੁਝ ਸਮੇਂ ਤੋਂ ਤਾਂ ਪਿੰਡ ਦਾ ਖੂਹ ਵੀ
ਕੁਝ ਅਜਿਹੇ ਬੋਲ ਬੋਲਦਾ ਲਗਦਾ ਹੈ
ਜਿਵੇਂ ਕਹਿ ਰਿਹਾ ਹੋਵੇ
ਹੁਣ ਤੱਕ ਬਹੁਤ ਪੀ ਲਿਆ ਤੁਸਾਂ ਮੈਨੂੰ
ਹੁਣ ਮੇਰੀ ਵਾਰੀ ਹੈ ਤੁਹਾਨੂੰ ਪੀਣ ਦੀ।
ਇਨ੍ਹਾਂ ਸਮਿਆਂ ਵਿੱਚ ਤਾਂ
ਲੋਕ ਬਸ ਇਸ ਆਸ ’ਤੇ ਜਿਉਂਦੇ ਨੇ
ਕਿ ਇੱਕ ਦਿਨ ਤੂੰ ਪਰਤੇਂਗਾ
ਮੰਦਰ ਦੇ ਟੱਲ ਛੇੜਨਗੇ ਇਲਾਹੀ ਧੁਨ
ਹਵਾ 'ਚੋਂ ਸੁਣੇ ਜਾਣਗੇ ਪਿਆਰ ਦੇ ਨਗ਼ਮੇਂ
ਲੋਕ ਬੇ-ਫਿਕਰੀ ਨਾਲ ਪੀ ਸਕਣਗੇ
ਆਪਣੀ ਧਰਤੀ ਦਾ ਪਾਣੀ
ਆਪਣੀ ਫਿਜ਼ਾ ਦਾ ਪਾਣੀ।
ਸੰਪਰਕ: +91 99151 06050
karam
Very true and touching👍