ਪੰਚਾਇਤ ਨੇ ਲਗਾਇਆ ਸਕੂਲ ਮੁਖੀ ’ਤੇ ਮਿਡ ਡੇ ਮੀਲ ਦੇ ਰਾਸ਼ਨ ’ਚ ਧਾਂਦਲੀਆਂ ਦਾ ਦੋਸ਼
Posted on:- 20-09-2015
ਮਿਡ ਡੇ ਮੀਲ ਵਰਕਰ ਯੂਨੀਅਨ ਵਲੋਂ ਸਕੂਲ ਮੁਖੀ ਵਿਰੁੱਧ ਧਰਨਾ ਦੇਣ ਦਾ ਐਲਾਨ
- ਸ਼ਿਵ ਕੁਮਾਰ ਬਾਵਾ
ਬਲਾਕ ਮਾਹਿਲਪੁਰ ਦੇ ਪਿੰਡ ਰਾਮਪੁਰ ਸੈਣੀਆ ਦੀ ਸਰਪੰਚ, ਪੰਚਾਇਤ ਅਤੇ ਮਿਡ ਡੇ ਮੀਲ ਵਰਕਰਾਂ ਨੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਮੁੱਖ ਅਧਿਆਪਕਾ ’ਤੇ ਸਰਕਾਰ ਵੱਲੋਂ ਬੱਚਿਆਂ ਨੂੰ ਦਿੱਤੇ ਜਾ ਰਹੇ ਮਿਡ ਡੇ ਮੀਲ ਵਿਚ ਵੱਡੇ ਪੱਧਰ ’ਤੇ ਧਾਂਦਲੀਆਂ ਕਰਨ ਦੇ ਦੋਸ਼ ਲਗਾਉਂਦੇ ਹੋਏ ਇਸ ਦੀ ਪੜਤਾਲ ਕਰਕੇ ਕਥਿਤ ਦੋਸ਼ੀ ਮੁੱਖ ਅਧਿਆਪਕਾ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੰਚਾਇਤ ਨੇ ਚੇਤਾਵਨੀ ਦਿੱਤੀ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਜ਼ਿਲ੍ਹਾ ਸਿੱਖਿਆ ਅਫ਼ਸਰ ਇਸ ਮਾਮਲੇ ਦੀ ਪੜਤਾਲ ਨਹੀਂ ਕਰ ਰਿਹਾ। ਦੂਜੇ ਪਾਸੇ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀਆਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਕਤ ਅਧਿਆਪਕਾਂ ਨੇ ਉਨ੍ਹਾਂ ਨੂੰ ਬੱਚਿਆਂ ਦਾ ਖਾਣਾ ਬਣਾਉਣ ਦਾ ਰਾਸ਼ਨ ਪੂਰਾ ਨਾ ਦਿੱਤਾ ਤਾਂ ਉਹ ਮੁੱਖ ਅਧਿਆਪਕਾ ਵਿਰੁੱਧ ਸੋਮਵਾਰ ਨੂੰ ਧਰਨਾ ਦੇਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਾੜੀ ਖਿੱਤੇ ਦੇ ਪਿੰਡ ਰਾਮਪੁਰ ਸੈਣੀਆਂ ਦੀ ਸਰਪੰਚ ਜਸਪ੍ਰੀਤ ਕੌਰ ਅਤੇ ਪੰਚਾਇਤ ਨੇ ਐਲੀਮੈਂਟਰੀ ਸਕੂਲ ਦੀ ਮੁੱਖ ਅਧਿਆਪਕਾ ’ਤੇ ਸਕੂਲ ਦੇ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦਾ ਖਾਣਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰਾ ਨਾ ਦੇਣ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਇਸ ਅਧਿਆਪਕਾ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਰਪੰਚ ਜਸਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਵਿਚ ਪਹਿਲੀ ਤੋਂ ਪੰਜਵੀਂ ਤੱਕ ਕੁੱਲ 60 ਵਿਦਿਆਰਥੀ ਹਨ ਅਤੇ ਮਿਡ ਡੇ ਮੀਲ ਮੀਨੂੰ ਅਨੁਸਾਰ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਵਿਚ ਸਰਕਾਰ ਵਲੋਂ ਕਣਕ ਅਤੇ ਚਾਵਲ ਦਿੱਤੇ ਜਾ ਰਹੇ ਹਨ ਅਤੇ ਤਿੰਨ ਰੁਪਏ 59 ਪੈਸੇ ਪ੍ਰਤੀ ਵਿਦਿਆਰਥੀ ਪੈਸੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਹੀ ਖ਼ੀਰ ਬਣਾਉਣ ਲਈ 60 ਬੱਚਿਆਂ ਲਈ ਅਧਿਆਪਕਾ ਨੇ ਅੱਧਾ ਕਿੱਲੋ ਚਾਵਲ ਅਤੇ ਕਿੱਲੋ ਦੁੱਧ, ਪਾਈਆ ਖੰਡ ਮੰਗਵਾਈ ਅਤੇ ਮੰਦਰ ਵਿਚ ਮਿਲੇ ਪ੍ਰਸਾਦ ਦੀ ਤਰ੍ਹਾਂ ਵਿਦਿਆਰਥੀਆਂ ਰਾਸ਼ਨ ਵੰਡ ਦਿੱਤਾ। ਮਿਡ ਡੇ ਮੀਲ ਦਾ ਖਾਣਾ ਬਣਾਉਣ ਵਾਲੀਆਂ ਵਰਕਰਾਂ ਨੇ ਦੱਸਿਆ ਕਿ ਉਹ ਇਸ ਅਧਿਆਪਕਾਂ ਦੀਆਂ ਕੰਜੂਸੀ ਅਤੇ ਬੱਚਿਆਂ ਦਾ ਖਾਣਾ ਹੜ੍ਹਪ ਕਰਨ ਦੀਆਂ ਆਦਤਾਂ ਤੋਂ ਤੰਗ ਆ ਚੁੱਕੀਆਂ ਹਨ ਅੱਧੇ ਤੋਂ ਜ਼ਿਆਦਾ ਬੱਚੇ ਨਿੱਤ ਹੀ ਭੁੱਖੇ ਘਰਾਂ ਨੂੰ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਇਸ ਅਧਿਆਪਕਾ ਨੂੰ ਬੇਨਤੀਆਂ ਕਰ ਚੁੱਕੇ ਹਨ ਪਰੰਤੂ ਉਹ ਬੱਚਿਆਂ ਨੂੰ ਆ ਰਹੇ ਖਾਣੇ ਦਾ ਵੱਡਾ ਹਿੱਸਾ ਹੜ੍ਹਪ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਬਣਾਈ ਹਰੀ ਸਬਜ਼ੀ ਦੀ ਸਰਕਾਰੀ ਹਦਾਇਤਾਂ ਅਨੁਸਾਰ ਮਿਕਦਾਰ 2800 ਗਰਾਮ ਬਣਦੀ ਜਦਕਿ ਅੱਜ ਅਧਿਆਪਕਾ ਨੇ ਇੱਕ ਕਿੱਲੋ ਹਰਾ ਕੱਦੂ ਬਣਾ ਕੇ ਡੰਗ ਟਪਾ ਦਿੱਤਾ।
ਮਿਡ ਡੇ ਮੀਲ ਵਰਕਰ ਯੂਨੀਅਨ ਦੀ ਪ੍ਰਧਾਨ ਰਣਜੀਤ ਕੌਰ ਅਤੇ ਕਮਲਜੀਤ ਕੌਰ ਨੇ ਚੇਤਾਵਨੀ ਦਿੱਤੀ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਅਧਿਆਪਕਾ ਪੂਰਾ ਸਮਾਨ ਮੁਹੱਈਆ ਨਹੀਂ ਕਰਵਾ ਰਹੀ। ਯੂਨੀਅਨ ਵਲੋਂ ਸੋਮਵਾਰ ਨੂੰ ਇਸ ਵਿਰੁੱਧ ਧਰਨਾ ਦਿੱਤਾ ਜਾਵੇਗਾ। ਪੰਚਾਇਤ ਨੇ ਦੋਸ਼ ਲਗਾਇਆ ਕਿ ਇਸ ਸਬੰਧੀ ਕਈ ਵਾਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਵੀ ਸਿਕਾਇਤਾਂ ਕੀਤੀਆਂ ਪਰੰਤੂ ਕਿਸੇ ਨੇ ਵੀ ਕੋਈ ਸੁਣਵਾਈ ਨਾ ਕੀਤੀ। ਦੂਜੇ ਪਾਸੇ ਮੁੱਖ ਅਧਿਆਪਕਾ ਅਮਿ੍ਰਤ ਕੌਰ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜਿਨ੍ਹਾਂ ਸਰਕਾਰ ਵਲੋਂ ਮਿਲਦਾ ਹੈ ਦਈ ਤਾਂ ਜਾਂਦੀ ਹਾਂ। ਜ਼ਿਲ੍ਹਾ ਸਿੱਖਿਆ ਅਫ਼ਸਰ ਮੋਹਣ ਸਿੰਘ ਲੇਹਲ ਨੇ ਦੱਸਿਆ ਕਿ ਇਸ ਅਧਿਆਪਕਾਂ ਦੀਆਂ ਪਹਿਲਾਂ ਵੀ ਕਈ ਸ਼ਿਕਾਇਤਾਂ ਮਿਲੀਆਂ ਹਨ। ਮਾਮਲੇ ਦੀ ਪੜਤਾਲ ਲਈ ਕਮੇਟੀ ਨਿਯੁਕਤ ਕਰ ਦਿੱਤੀ ਹੈ। ਜਲਦ ਹੀ ਪੜਤਾਲ ਕਰਕੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।