ਜਦੋਂ ਖੋਹਿਆ... - ਹਰਜਿੰਦਰ ਗੁਲਪੁਰ
Posted on:- 17-09-2015
ਵੱਜਦੇ ਕਰਾਮਾਤਾਂ ਦੇ ਢੋਲ ਜਿਥੇ,
'ਚਿੱਟਾ' ਤਕੜੀ ਰਹੀ ਹੈ ਤੋਲ ਜਿਥੇ,
ਹੁੰਦੇ ਨਸ਼ਿਆਂ ਦੇ ਨਾਲ ਘੋਲ ਜਿਥੇ,
'ਗੁੰਮ' ਨਾਨਕ ਵਾਲੇ ਬੋਲ ਜਿਥੇ,
'ਅੰਨ ਦਾਤੇ' ਅੰਦਰ ਪੋਲ ਜਿਥੇ,
ਦਿੱਤੀ ਪੰਡ ਕਰਜ਼ੇ ਦੀ ਖੋਲ ਜਿਥੇ,
ਹੁਣ ਇਹ ਪੰਜਾਬ ਹੀ ਮੇਰਾ ਹੈ।
ਜੋ ਬਚਿਆ ਸਭ ਕੁਝ 'ਤੇਰਾ' ਹੈ।
ਹਰ ਗਲੀ ਗੁਆਂਢ ਚ ਠੇਕੇ ਨੇ,
ਭਾਵੇਂ ਸਹੁਰੇ ਭਾਵੇਂ ਪੇਕੇ ਨੇ ,
ਹੱਥ ਸਭ ਨੇ ਆ ਕੇ ਸੇਕੇ ਨੇ,
ਸੱਚ ਬੋਲਣ ਵਾਲੇ ਛੇਕੇ ਨੇ,
ਹੱਕ ਮੰਗਦੇ ਟੁੱਟ ਗਏ ਏਕੇ ਨੇ,
ਹੁਣ ਇਹ ਪੰਜਾਬ ਹੀ ਮੇਰਾ ਹੈ।
ਜੋ ਬਚਿਆ ਸਭ ਕੁਝ 'ਤੇਰਾ' ਹੈ।
ਇਥੇ ਪੈਰ ਪੈਰ ਤੇ ਡੇਰਾ ਹੈ,
ਤਾਹੀਂ ਚਾਰੇ ਤਰਫ਼ ਹਨੇਰਾ ਹੈ,
ਹਰ ਸਿਰ ਚੌਧਰ ਦਾ ਸੇਹਰਾ ਹੈ,
ਸੱਪਾਂ ਮੱਲਿਆ ਚਾਰ ਚੁਫੇਰਾ ਹੈ,
ਅਜੇ ਪੰਧ ਵੀ ਬੜਾ ਲੰਮੇਰਾ ਹੈ,
ਹੁਣ ਇਹ ਪੰਜਾਬ ਹੀ ਮੇਰਾ ਹੈ।
ਜੋ ਬਚਿਆ ਸਭ ਕੁਝ 'ਤੇਰਾ' ਹੈ।
ਜੋ ਵਸਦਾ ਗੁਰਾਂ ਦੇ ਨਾਂ ਤੇ ਸੀ,
ਬੜਾ ਮਾਣ ਬੋਹੜ ਦੀ ਛਾਂ ਤੇ ਸੀ,
ਜਾਂ ਧਰਤੀ ਵਰਗੀ ਮਾਂ ਤੇ ਸੀ,
ਭਾਈਆਂ ਦੀ ਸੱਜੀ ਬਾਂਹ ਤੇ ਸੀ,
ਨਾਲੇ ਪਾਕਿ ਪਵਿੱਤਰ ਥਾਂ ਤੇ ਸੀ,
ਫਿਰ ਪੈਰੀਂ ਖੜੂ ਪੰਜਾਬ ਮੇਰਾ।
ਜਦ ਖੋਹਿਆ ਮਾਲ ਸਬਾਬ ਤੇਰਾ।
ਸੰਪਰਕ: 0061 469 976214