ਜਿੱਦਣ ਅਸੀਂ ਵੀ... -ਅਮਰਜੀਤ ਟਾਂਡਾ
Posted on:- 14-09-2015
ਜਿੱਦਣ ਅਸੀਂ ਵੀ ਅਮੀਰ ਹੋ ਗਏ
ਤੇਰੇ ਮਹਿਲਾਂ ਕੋਲ ਦੀ ਜ਼ਰੂਰ ਲੰਘਾਂਗੇ
ਇਹ ਦੁਨੀਆਂ ਹੀ ਏਦਾਂ ਦੀ ਹੈ
ਜਿੱਥੇ ਤੂੰ ਵਸਦੀ ਏਂ
ਏਥੇ ਅਮੀਰ ਵਜੂਦ ਤਾਂ ਹੋਣਗੇ
ਦਿਲ ਦਰਿਆ ਨਹੀਂ ਹੋਣੇ
ਹਿੱਕਾਂ ਨਦੀਆਂ ਨਹੀਂ ਹੋਣੀਆਂ
ਸਾਡੇ ਟਿਕਾਣੇ ਦੇਖ
ਸਤਲੁਜ ਜਾਂ ਝਨ੍ਹਾ ਦੇ ਕਿਨਾਰੇ
ਜੋ ਦੁਨੀਆਂ ਦੇ ਸਹਾਰੇ
ਮੇਰਾ ਕੀ ਨਾਂ ਪੁੱਛਦੀ ਏਂ
ਗਰੀਬਾਂ ਦੇ ਨਾਂ ਨਹੀਂ ਹੁੰਦੇ
ਤੇ ਨਾ ਹੀ ਕੋਈ ਥਾਂ ਹੁੰਦੇ ਨੇ
ਤੂੰ ਸਾਂਭ ਕੇ ਰੱਖੀਂ
ਆਪਣੇ ਘਰ ਮਹਿਲ ਦਾ ਸਿਰਨਾਵਾਂ
ਅਸੀਂ ਕੀ ਸਾਂਭਣਾ
ਸਾਨੂੰ ਤਾਂ ਨਾ ਕੋਈ ਖ਼ਤ ਆਵੇ
ਤੇ ਨਾ ਹੀ ਕੋਈ ਪੁੱਛੇ ਪਤਾ ਘਰ ਦਾ
ਤੂੰ ਕੀ ਜਾਣੇ ਭੋਲੀਏ
ਸਾਡੇ ਤਾਂ ਨਾ ਘਰ
ਨਾ ਹੀ ਸਿਰਨਾਵੇਂ
ਕਿਸੇ ਬੇਘਰੇ ਨੂੰ ਕਦੇ ਸਿਰਨਾਵਾਂ ਨਾ ਪੁੱਛੀਂ
ਬੇਘਰਿਆਂ ਦੇ ਸਿਰਨਾਵੇਂ ਨਹੀਂ ਹੁੰਦੇ
ਤੂੰ ਸਿਰਨਾਵੇਂ ਸਾਂਭਦੀ ਰਹੀਂ
ਸਾਨੂੰ ਕੁਝ ਵੀ ਨਾ ਗੁਆਚਣ ਦਾ ਖੌਫ਼
ਸਾਡੇ ਕੋਲ ਤਾਂ ਸੋਹਣੀਏ ਹਰਫ਼ ਹੁੰਦੇ ਨੇ
ਕਦੇ ਰੋਂਦੇ ਤੇ ਕਦੇ ਹੱਸਦੇ
ਕਦੇ ਅਸੀਂ ਹਰਫਾਂ ਨੂੰ ਫੁੱਲ ਬਣਾ ਲਈਦਾ
ਤੇ ਕਦੇ ਕਦੇ ਸਿਰਨਾਵਾਂ ਜਾਂ ਗੀਤ
ਜੇ ਕਿਤੇ ਲੱਭਣਾ ਹੋਇਆ ਤਾਂ
ਮੈਨੂੰ ਮੇਰੇ ਗੀਤਾਂ ਚੋਂ ਲੱਭ ਲਈਂ
ਇਹਨਾਂ ਗੀਤਾਂ ਨੂੰ ਗਾ
ਜਾਂ ਇਹਨਾਂ ਨੂੰ ਹੀ ਓੜ
ਵਕਤ ਅਗਾਂਹ ਤੋਰ ਲਈਦਾ
ਜਿੱਥੋਂ ਕਿਤਿਓਂ ਉੱਧੜਿਆ ਸੀਨਾ ਜੋੜ ਲਈਦਾ
ਅਸੀਂ ਕੀ ਲੈਣਾ ਸਿਰਨਾਵਿਆਂ ਤੋਂ।