ਦਾਣੇ ਨੀਂ ਆਖੋਂ ਦਾਣੇ -ਐੱਸ ਸੁਰਿੰਦਰ 
      
      Posted on:-  14-09-2015
      
      
      								
				   
                                    
      
ਦਾਣੇ ਨੀਂ ਆਖੋਂ ਦਾਣੇ ,
ਦੁੱਖ ਹੋ ਗਏ ਮੇਰੇ ਰਾਣੇ
ਗਲੀ-ਗਲੀ ਤੈਨੂੰ ਟੋਲਿਆ
ਪਾਏ ਜੋਗੀਆਂ ਵਾਲੇ ਬਾਣੇ ।
ਰਾਈ ਨੀਂ ਆਖੋਂ ਰਾਈ ,
ਜਿੰਦ ਬਿਰਹਣ ਕੁੱਖੋਂ ਜਾਈ
ਨੈਣਾਂ ਵਿੱਚੋਂ ਨੀਰ ਡੁੱਲਿਆ
ਮਾਹੀ ਦਰਦ ਚੁਆਤੀ ਲਾਈ ।
ਦੀਵਾ ਨੀਂ ਆਖੋਂ ਦੀਵਾ ,
ਕਿੱਦਾ ਦਰਦ ਜੁਦਾਈ ਪੀਵਾਂ
ਹੱਥਾਂ ਵਿੱਚੋਂ ਹੱਥ ਛੁੱਟਿਆ 
ਕਿੱਦਾ ਸੱਜਣਾਂ ਬਾਝੋਂ ਜੀਵਾਂ ।
ਚੁੰਨੀ ਨੀਂ ਆਖੋਂ ਚੁੰਨੀ ,
ਮੇਰੀ ਜਿੰਦ ਹੰਝੂਆਂ ਨੇ ਗੁੰਨੀ 
ਪਰਦੇਸੀ ਬੇਦਾਵਾ ਦੇ ਗਿਆ
ਮੇਰੀ ਹੋ ਗਈ ਦੁਨੀਆਂ ਸੁੰਨੀ ।
ਗਾਨੀ ਨੀਂ ਆਖੋਂ ਗਾਨੀ ,
ਮੇਰਾ ਵਿਛੜਿਆਂ ਦਿਲ ਦਾ ਜਾਨੀ 
ਗੀਤ ਲਿਖਾਂ ਉਹਦੀ ਯਾਦ ਦਾ
ਮੇਰੀ ਹੌਕੇ ਭਰਦੀ ਕਾਨੀ ।
                             
ਸੋਏ ਨੀਂ ਆਖੋਂ ਸੋਏ , 
ਮੇਰੇ ਰੰਗਲੇ ਹਾਸੇ ਮੋਏ 
ਮਾਹੀਆ ਪਰਦੇਸੀ ਹੋ ਗਿਆ
ਨੈਣੋਂ ਮਣ-ਮਣ ਅੱਥਰੂ ਚੋਏ ।
ਤਾਰੇ ਨੀਂ ਆਖੋਂ ਤਾਰੇ , 
ਅਸੀਂ ਸੁੱਖ ਸੱਜਣਾ ਤੋਂ ਵਾਰੇ 
ਨਿੱਤ ਹੀਂ ਉਡੀਕਾਂ ਉਹਦੀਆਂ
ਮੈਨੂੰ ਦੇ ਗਿਆ ਮਿੱਠੜੇ ਲਾਰੇ ।