ਕੋਈ ਛੇੜੋ ਐਸੀ ਜੰਗ -ਜਸਵੀਰ ਸਿੰਘ ਮੋਰੋਂ
Posted on:- 11-09-2015
ਕੀਤੇ ਰੈਲੀਆਂ ਮੁਜ਼ਾਹਰੇ, ਕਦੇ ਧੂਰੀ ਜਾਂ ਬਠਿੰਡੇ,
ਅਸਾਂ ਚੰਡੀਗੜ੍ਹ ਜਾ ਜਾ, ਡਾਗਾਂ ਖਾਧੀਆਂ ਵੀ ਪਿੰਡੇ,
ਸਾਡੇ ਨਾਹਰੇ ਉਹਦੇ ਲਾਰੇ, ਲੱਗਦੇ ਆ ਆਰ-ਪਾਰ,
ਗੱਲ ਮੰਨ ਕੇ ਨਾ ਮੰਨੇ, ਇਹ ਮੌਜੂਦਾ ਸਰਕਾਰ।
ਪੱਕੀ ਭਰਤੀ ਹੈ ਬੰਦ, ਮੁੱਕ ਮਹਿਕਮੇ ਨੇ ਚੱਲੇ,
ਕਈ ਇੱਕੋ ਇੱਕ ਮੰਗ, ਲੈ ਕੇ ਹੋਏ ਪਏ ਆ ਝੱਲੇ,
ਜਦ ਮਹਿਕਮੇ ਨਹੀਂ ਰਹਿਣੇ ਅਸਾਂ ਲੈਣਾ ਕੀ ਸੁਆਰ,
ਕੋਈ ਛੇੜੋ ਐਸੀ ਜੰਗ, ਗੱਲ ਹੋਵੇ ਆਰ-ਪਾਰ,
ਗੱਲ ਮੰਨ ਕੇ ਨਾ ਮੰਨੇ, ਇਹ ਮੌਜੂਦਾ ਸਰਕਾਰ।
ਅਸੀਂ ਓਨਾ ਚਿਰ ਸਾਰਿਆਂ ਨੇ ਖਾਂਦੇ ਰਹਿਣਾ ਡੰਡੇ,
ਜਿੰਨਾ ਚਿਰ ਤੱਕ ਰੱਖਣੇ ਨੇ ਵੱਖ-ਵੱਖ ਝੰਡੇ,
ਰਾਹੀਂ ਰੁਲਦੇ ਹੀ ਰਹਿਣਾ, ਆਪ ਕਰੋ ਕੋਈ ਵਿਚਾਰ,
ਕੋਈ ਛੇੜੋ ਐਸੀ ਜੰਗ ਗੱਲ ਹੋਵੇ ਆਰ-ਪਾਰ,
ਗੱਲ ਮੰਨ ਕੇ ਨਾ ਮੰਨੇ, ਇਹ ਮੌਜੂਦਾ ਸਰਕਾਰ।
ਕੱਚੇ ਪੱਕਿਆਂ ਦੀ ਗੱਲ ਜਾਂ ਸਕੇਲਾਂ ਦੀ ਕਹਾਣੀ,
ਜੇ ਨਾ ਲੜੇ ਅੱਜ ਆਪਾਂ, ਕਥਾ ਬਣ ਜੁ ਪੁਰਾਣੀ,
ਸਮਾਂ ਲੰਘ ਨਾ ਇਹ ਜਾਵੇ ਹੋਣਾ ਸਭ ਨੇ ਖੁਆਰ,
ਕੋਈ ਛੇੜੋ ਐਸੀ ਜੰਗ, ਗੱਲ ਹੋਵੇ ਆਰ-ਪਾਰ,
ਗੱਲ ਮੰਨ ਕੇ ਨਾ ਮੰਨੇ, ਇਹ ਮੌਜੂਦਾ ਸਰਕਾਰ।
ਮੰਗਾਂ ਸਾਝੀਆਂ ਦੇ ਉੱਤੇ, ਸਾਂਝ ਹੋਰਾਂ ਨਾਲ ਪਾਈਏ,
ਮੋਰੋਂ ਪਿੰਡ ਜਸਵੀਰ ਏਦਾਂ ਬਲ ਨੂੰ ਵਧਾਈਏ,
ਬਣ ਇੱਕ ਤੋਂ ਗਿਆਰਾਂ ਵੱਡੀ ਮੱਲ ਲਈਏ ਮਾਰ,
ਕੋਈ ਛੇੜੋ ਜੰਗ, ਗੱਲ ਹੋਵੇ ਆਰ-ਪਾਰ,
ਗੱਲ ਮੰਨ ਕੇ ਨਾ ਮੰਨੇ, ਇਹ ਮੌਜੂਦਾ ਸਰਕਾਰ।