ਗ਼ਜ਼ਲ - ਭੁਪਿੰਦਰ ਸਿੰਘ ਬੋਪਾਰਾਏ
Posted on:- 11-09-2015
ਜੀਵਨ ਵਿੱਚ ਹੋਣਾ ਹਰਦਮ ਵਿਸਤਾਰ ਜ਼ਰੂਰੀ ਐ
ਹਰ ਹਾਲਤ ਅਧਿਆਪਕ ਦਾ ਸਤਿਕਾਰ ਜ਼ਰੂਰੀ ਐ
ਵਾਘੇ ਦੇ ਦੋਹਾਂ ਪਾਸੀਂ ਵੱਸਦੇ ਰਹਿਣ ਪੰਜਾਬੀ
ਸਾਂਝੀ ਪਿਉ ਦਾਦੇ ਵਾਲੀ ਮਹਿਕਾਰ ਜ਼ਰੂਰੀ ਐ
ਮੇਰੇ ਪਿੰਡ ਦੇ ਹਰ ਘਰ ਵਿੱਚ ਅਕਸਰ ਮੈਂ ਇਹ ਵੇਖਾਂ
ਰੋਜ਼ ਸਵੇਰੇ ਚਾਹ ਅਤੇ ਅਖਬਾਰ ਜ਼ਰੂਰੀ ਐ
ਧਰਮਾਂ ਵਾਲੇ ਫਿਰਦੇ ਚੁੱਕੀ ਤ੍ਰਿਸ਼ੂਲਾਂ, ਤਲਵਾਰਾਂ
ਉਹਨਾਂ ਨੂੰ ਇਹ ਇਲਮ ਨਹੀਂ ਕਿ ਪਿਆਰ ਜ਼ਰੂਰੀ ਐ
ਦਿਲ ਦੀ ਮਮਟੀ 'ਤੇ ਆਓ ਇੱਕ ਦੀਵਾ ਧਰ ਲਈਏ
ਨੇਰ੍ਹੇ ਮਿਟਾਵਣ ਲਈ ਇਹ ਤਾਂ ਯਾਰ ਜ਼ਰੂਰੀ ਐ
ਝਲਕ ਸਦਾ ਤੂੰ ਤੱਕਣੀ ਜੇ ਮਾਂ ਦੇ ਚਿਹਰੇ ਵਰਗੀ
ਵਿਹੜੇ ਦੇ ਵਿੱਚ ਬੇਟੀ ਦੀ ਕਿਲਕਾਰ ਜ਼ਰੂਰੀ ਐ
'ਬੋਪਾਰਾਏ ' ਤਦ ਹੀ ਲੋਕਾਂ ਬਾਰੇ ਸੋਚੇ ਇਹ
ਸਮੇਂ ਸਮੇਂ ਸਰਕਾਰਾਂ ਨੂੰ ਫਿਟਕਾਰ ਜ਼ਰੂਰੀ ਐ
ਸੰਪਰਕ: +91 98550 91442