ਕਰਤਾਰ ਸਰਾਭੇ ਸ਼ੇਰਾ - ਯਾਦਵਿੰਦਰ ਠੀਕਰੀਵਾਲ
Posted on:- 10-09-2015
ਲਾਹੁਣ ਗੁਲਾਮੀ ਸੂਰਾ ਤੁਰ ਪਿਆ, ਤਕੜਾ ਕਰਕੇ ਜੇਰਾ
ਲੱਖ ਲੱਖ ਵਾਰ ਸਲਾਮਾਂ ਤੈਨੂੰ, ਕਰਤਾਰ ਸਰਾਭੇ ਸ਼ੇਰਾ।
23 ਮਈ 1896 ਦਿਨ, ਇੱਕ ਐਸਾ ਆਇਆ,
ਮੰਗਲ ਸਿਉ ਘਰ ਪੁੱਤ ਜੰਮਿਆ, ਸਾਹਿਬ ਕੌਰ ਦਾ ਜਾਇਆ।
ਮਾਂ ਪਿਓ ਤੁਰ ਗਏ ਛੱਡ ਵਿਲਕਦਾ, ਡਾਹਢਾ ਦੁੱਖ ਵਡੇਰਾ।
ਲੱਖ ਲੱਖ ਵਾਰ ਸਲਾਮਾਂ...।
ਦੁੱਖ ਵਿੱਚੋਂ ਉੱਭਰਿਆ ਟੱਬਰ, ਕੁੱਝ ਕੁ ਹੌਂਸਲਾ ਫੜਿਆ,
ਦਾਦੇ ਬਚਨ ਸਿੰਘ ਨੇ ਤੇਰਾ, ਪਾਲਣ ਪੋਸਣ ਕਰਿਆ।
ਲਾਇਆ ਪੜ੍ਹਨ ਸਕੂਲੇ ਨਾਉ, ਕਰਤਾਰ ਲਿਖਾਇਆ ਤੇਰਾ।
ਲੱਖ ਲੱਖ ਵਾਰ ਸਲਾਮਾਂ...।
ਪੜ੍ਹਨ ਉੜੀਸਾ ਗਿਆ ਸਰਾਭਾ, 10-11 ਪੜ੍ਹ ਲਈਆਂ,
ਹੋਰ ਉਚੇਰੀ ਕਰਾਂ ਪੜ੍ਹਾਈ, ਮਨ ’ਚ ਉਮੀਦਾਂ ਪਈਆਂ।
ਘੱਲਿਆ ਦਾਦੇ ਨੇ ਅਮਰੀਕਾ ਕਹਿਣਾ, ਮੰਨ ਕੇ ਤੇਰਾ।
ਲੱਖ ਲੱਖ ਵਾਰ ਸਲਾਮਾਂ...।
ਯੂਨੀਵਰਸਿਟੀ ਵਿੱਚ ਬਰਕਲੇ, ਜਾਇ ਟਿਕਾਣਾ ਕਰਿਆ,
ਹਰਦਿਆਲ ਐੱਮ. ਏ., ਪੜ੍ਹਦੇ ਪੜ੍ਹਦੇ ਗੱਭਰੂ ਦਾ ਹੱਥ ਫੜ੍ਹਿਆ।
ਕੀਲਿਆ ਜਾਂਦਾ ਸਦਾ ਲਈ, ਜੋ ਵੀ ਤੱਕਦਾ ਚਿਹਰਾ।
ਲੱਖ ਲੱਖ ਵਾਰ ਸਲਾਮਾਂ...।
ਗੋਰੇ ਆਖਣ ਭਾਰਤੀਆਂ ਨੂੰ, ਕੁੱਤੇ ਕਾਲ਼ੀਆਂ ਭੇਡਾਂ,
ਵਿੱਚ ਹੋਟਲਾਂ ਵੜਨ ਨਾ ਦੇਵਣ, ਨਾਲੇ ਕਰਨ ਝਹੇਡਾ,
ਹੋਰ ਗੁਲਾਮੀ ਨਹੀਂ ਝੱਲਣੀ, ਫੜਿਆ ਗ਼ਦਰ ਫਰੇਰਾ।
ਲੱਖ ਲੱਖ ਵਾਰ ਸਲਾਮਾਂ...।
ਗ਼ਦਰ ਦੇ ਨਾ ਦਾ ਪਰਚਾ ਕੱਢਿਆ, ਸੁੱਤਿਆਂ ਤਾਂਈ ਜਗਾਇਆ,
ਲੋਕੀ ਲੈਣ ਅੰਗੜਾਈਆਂ ਲੱਗੇ, ਸਾਮਰਾਜ ਘਬਰਾਇਆ।
ਰਣਚੰਡੀ ਦੇ ਧਰਮ ਭਗਤ ਦਾ, ਸੀ ਸਤਿਕਾਰ ਬਥੇਰਾ।
ਲੱਖ ਲੱਖ ਵਾਰ ਸਲਾਮਾਂ...।
ਪਰਚਿਆਂ ਦੇ ਵਿੱਚ ਲੇਖ ਲਿਖੇ, ਤੇ ਕਰਦਾ ਸੀ ਤਕਰੀਰਾਂ,
ਨੌਜਵਾਨ ਫੇਰ ਬਦਲਣ ਤੁਰ, ਪਏ ਦੇਸ਼ ਦੀਆਂ ਤਕਦੀਰਾਂ।
ਅੰਗਰੇਜ਼ੀ ਸਰਕਾਰ ਨੂੰ ਦਿਸਦਾ, ਚਿੱਟੇ ਦਿਨੀਂ ਹਨੇਰਾ।
ਲੱਖ ਲੱਖ ਵਾਰ ਸਲਾਮਾਂ...।
ਸਾਡੇ ਲਈ ਹੈ ਖ਼ਤਰਨਾਕ, ਕਰਤਾਰ ਸਰਾਭਾ ਬਾਗੀ,
ਧੌਂਸ ਤੇ ਹੈਂਕੜ ਝੱਲੀ ਨਹੀ ਹੈ, ਜਿਸਨੇ ਕਦੇ ਅਸਾਡੀ।
ਪਟੇ ਪੁਲਸ ਦੇ ਖੋਹਲੇ ਗੋਰਿਆਂ, ਸੁੰਗਿਆਂ ਚਾਰ ਚੁਫੇਰਾ।
ਲੱਖ ਲੱਖ ਵਾਰ ਸਲਾਮਾਂ...।
2 ਮਾਰਚ 1915 ਦਿਨ, ਇੱਕ ਕਾਲਾ ਆਇਆ,
ਗੰਡਾ ਸਿੰਘ ਰਸਾਲਦਾਰ ਨੇ, ਲਾਲਚ ਲਈ ਫੜਾਇਆ।
ਛਣਕਣ ਬੇੜੀਆਂ ਤੇ ਹੱਥਕੜੀਆਂ, ਨਾਹਰਾ ਗੂੰਝੇ ਤੇਰਾ।
ਲੱਖ ਲੱਖ ਵਾਰ ਸਲਾਮਾਂ...।
ਮਾਫ਼ੀ ਮੰਗਲੈ ਛੱਡ ਦੇਵਾਂਗੇ, ਲਾਲਚ ਬੜੇ ਦਿਖਾਏ,
ਛੋਟੀ ਉਮਰ ਦੇ ਅਣਖੀ ਯੋਧੇ, ਨੇ ਸੀ ਸਭ ਠੁਕਰਾਏ।
ਕਿਸ ਮਿੱਟੀ ਦਾ ਬਣਿਆ ਸੀ, ਤੂੰ, ਝੱਲਿਆ ਜ਼ਬਰ ਘਨੇਰਾ।
ਲੱਖ ਲੱਖ ਵਾਰ ਸਲਾਮਾਂ...।
ਜਦੋਂ ਵੇਖਿਆ ਨਹੀਂ ਯਰਕਦਾ, ਮੌਤ ਦੀ ਸਜ਼ਾ ਸੁਣਾਈ,
ਸਜ਼ਾ ਸੁਣਦਿਆਂ ਸਾਰੀ ਧਰਤੀ, ਨਾਹਰਿਆਂ ਨਾਲ ਹਿਲਾਈ।
ਹੱਸਦਿਆਂ ਪਾਇਆ ਗਲ ਵਿੱਚ ਫੰਦਾ, ਵਾਹ ਉਏ ਮਰਦ ਦਲੇਰਾ।
ਲੱਖ ਲੱਖ ਵਾਰ ਸਲਾਮਾਂ...।
ਤੇਰੀ ਇਹ ਕੁਰਬਾਨੀ ਇੱਕ ਦਿਨ, ਐਸਾ ਰੰਗ ਲਿਆਊ,
ਹਰ ਇੱਕ ਗੱਭਰੂ ਕਰੂ ਬਗਾਵਤ, ਰਾਹ ਤੇਰੇ ’ਤੇ ਆਊ।
ਰੋਕ ਨਹੀਂ ਸਕਦੇ ਕਦੇ ਹਨੇਰੇ, ਆਉਣੋ ਸੁਰਖ ਸਵੇਰਾ।
ਲੱਖ ਲੱਖ ਵਾਰ ਸਲਾਮਾਂ...।