ਰੋਂਦੀ ਕਵਿਤਾ - ਬਿੰਦਰ ਜਾਨ ਏ ਸਾਹਿਤ
Posted on:- 09-09-2015
ਚੋਰਾਂ ਦੇ ਹੱਥ ਚੌਧਰ ਆਈ
ਚਾਰੇ ਪਾਸੇ ਵਿਚ ਮਚੀ ਦੁਹਾਈ
ਕਿਰਤੀ ਦੇ ਹਿਸੇ ਦੀ ਰੋਟੀ
ਲੋਟੂ ਟੋਲਿਆਂ ਵੰਡ ਵੰਡ ਖਾਈ
ਨਿਰਮੋਹੀ ਅੱਜ ਦੁਨੀਆਂ ਸਾਰੀ
ਦੁਸ਼ਮਨ ਬਣਿਆ ਭਾਈ ਭਾਈ
ਚੁਗਲਖੋਰੀ ਦਾ ਚਲਦਾ ਸਿਕਾ
ਬੇ ਦਰਦਾਂ ਨੇ ਧਾਕ ਜਮਾਈ
ਡੰਗਰ ਬੱਛੇ ਰੱਜ ਰੱਜ ਖਾਵਣ
ਧਰਮਾਂ ਦੀ ਉਹ ਦੇਣ ਦੁਹਾਈ
ਜਿਸਮ ਵਿਕੇਦਾਂ ਵਿਚ ਬਜ਼ਾਰਾਂ
ਮਰਦ ਸਮਾਜ ਨੇ ਕੀਮਤ ਪਾਈ
ਪੁੱਤਰਾਂ ਹਿੱਸੇ ਮਹਿਲ ਮੁਨਾਰੇ
ਧੀ ਦੇ ਹਿੱਸੇ ਕੁਆ ਜਾਂ ਖਾਈ
ਰੱਬ ਦੇ ਨਾ ’ਤੇ ਝੱਲੀ ਦੁਨੀਆਂ
ਡੇਰਿਆਂ ਸਾਧਾਂ ਲੁੱਟ ਮਚਾਈ
ਊਚ ਨੀਚ ਦੇ ਮਸਲੇ ਅੱਜ ਵੀ
ਅਨਪੜਤਾ ਪੜਿਆਂ ’ਤੇ ਛਾਈ
ਦੇਸ ਮੇਰੇ ਨੂੰ ਲੈ ਕੇ ਵਹਿ ਗਈ
ਰਾਜਨੀਤੀ ਕਾਲੀ ਪਰਛਾਈ
ਦੁੱਧ ਦੇ ਦਰਿਆਵਾਂ ਨੂੰ ਭੁੱਲ ਕੇ
ਨਸ਼ੇ ਦੇ ਛੱਪੜ ਜਾਵਣ ਨਹਾਈ
ਕੋਈ ਨਾ ਸੁਣਦਾ ਤੇਰੀ ਬਿੰਦਰਾ
ਰੋਂਦੀ ਕਵਿਤਾ ਕਿਸੇ ਨਾ ਗਾਈ
ਸੰਪਰਕ: 0039 327 815 9218