ਰਾਤ ਦਿਨ ਭੌਂਕਦੇ - ਹਰਜਿੰਦਰ ਗੁਲਪੁਰ
Posted on:- 06-09-2015
ਦਾਲ ਡੁੱਲੀ ਬਾਰੇ ਜਦੋਂ ਪੁੱਛਿਆ ਬੇਸ਼ਰਮਾਂ ਨੂੰ,
ਉਹਨਾਂ ਦਾ ਜਵਾਬ ਸੀ ਕਿ ਇਸੇ ਤਰ੍ਹਾਂ ਖਾਂਦੇ ਹਾਂ,
ਅੱਖ ਸਾਡੀ ਟਿਕੀ ਹੁਣ 'ਕੰਗਲੇ' ਪੰਜਾਬ ਉੱਤੇ,
ਇਸੇ ਲਈ ਦਿੱਲੀ ਵਲ ਦੂਜੇ ਚੌਥੇ ਜਾਂਦੇ ਹਾਂ।
ਮੱਲੋ ਮੱਲੀ ਬਣ ਜਾਈਏ ਕੁੜੀਆਂ ਦੇ ਨਾਨਕੇ,
ਲੋਕਾਂ ਦੇ ਖਜ਼ਾਨੇ ਵਿਚੋਂ ਸ਼ਗਨ ਵੀ ਪਾਂਦੇ ਹਾਂ।
ਲੁੱਟਣ ਦੇ ਲਈ ਜਿਹੜਾ ਬਹੁਤਾ ਕਾਹਲਾ ਜਾਪਦਾ,
ਖਿੱਚ ਖਿੱਚ ਉਹਨੂੰ ਅਸੀਂ ਬਾਹਰ ਤੋਂ ਬੁਲਾਂਦੇ ਹਾਂ।
ਰੱਬ ਬਣ ਗਿਆ ਹੈ ਮੁਹਤਾਜ ਸਾਡਾ ਅੱਜ ਕੱਲ,
ਧੱਕੇ ਨਾਲ ਨਾਮ ਅਸੀਂ ਆਪਣਾ ਜਪਾਂਦੇ ਹਾਂ।
ਜਾਣਦਾ ਨੀ ਅਜੇ ਕੋਈ ਸਾਡੀਆਂ ਬੁਝਾਰਤਾਂ ਨੂੰ,
ਹੱਥਾਂ ਨਾਲ ਲਾਕੇ ਫੇਰ ਪੈਰਾਂ ਨਾ' ਬੁਝਾਂਦੇ ਹਾਂ।
ਉਂਝ ਤਾਂ ਕਬੱਡੀ ਤਾਈਂ ਮਾਂ ਖੇਡ ਆਖਦੇ ਹਾਂ,
ਪਰ ਇਹਦੇ ਜਸ਼ਨਾਂ ’ਤੇ ਮੁਜਰਾ ਨਚਾਂਦੇ ਹਾਂ ।
ਜਿਹੜੀ ਵੀ ਜ਼ਮੀਨ ਉੱਤੇ ਅਖ ਸਾਡੀ ਟਿਕ ਜਾਵੇ,
ਪੁਲਿਸ ਦੀ ਡਾਂਗ ਨਾਲ ਰਾਤੋ ਰਾਤ ਵਾਂਹਦੇ ਹਾਂ।
ਲੋਕਾਂ ਹੱਥ ਦੇਕੇ ਅਸੀਂ ਲਾਲੀ ਪੌਪ ਰੱਬ ਦਾ,
ਰੱਬ ਵਾਲੇ ਟੱਬ ਵਿਚ ਰਾਤ ਦਿਨ ਨਾਂਹਦੇ ਹਾਂ
ਲੋਕਾਂ ਦਾ ਕੀ ਇਹ ਤਾਂ ਰਹਿੰਦੇ ਰਾਤ ਦਿਨ ਭੌਂਕਦੇ,
ਪੰਜੀਂ ਸਾਲੀਂ ਪੂਰੀ ਤਰ੍ਹਾਂ ਚੁੱਪ ਕਰਵਾਂਦੇ ਹਾਂ।
ਸੰਪਰਕ: 0061 469 976214