ਗ਼ਜ਼ਲ - ਸੁਖਵਿੰਦਰ ਸਿੰਘ ਲੋਟੇ
Posted on:- 03-09-2015
ਕਦੀ ਗੁਣਗਾਣ ਗਾਉਂਦੀ ਹੈ, ਕਦੀ ਇਲਜ਼ਾਮ ਧਰਦੀ ਹੈ।
ਬੜੀ ਚਲਾਕ ਹੈ ਦੁਨੀਆਂ, ਬੜਾ ਹੀ ਤੰਗ ਕਰਦੀ ਹੈ।
ਮੁਹੱਬਤ ਆਦਮੀ ਅੰਦਰ, ਬੜੇ ਹੀ ਰੰਗ ਭਰਦੀ ਹੈ।
ਬੜੇ ਹੀ ਜ਼ਖਮ ਕਰਦੀ ਹੈ, ਬੜੇ ਹੀ ਜ਼ਖਮ ਹਰਦੀ ਹੈ।
ਕਦੀ ਰਾਂਝਾ ਬਣਾ ਦਿੰਦੀ, ਕਦੀ ਮਜਨੂੰ ਬਣਾ ਦਿੰਦੀ,
ਇਸ਼ਕ ਦਾ ਖੇਲ੍ਹ ਐਸਾ ਹੈ, ਅਨੋਖੀ ਜਾਤ ਨਰ ਦੀ ਹੈ।
ਮਚਲਦੀ ਜੀਭ ਹੈ ਪਕਵਾਨ ਵੇਖਣ ਸਾਰ ਹੀ ਸਾਡੀ,
ਬਣਾਵੋ ਕੋਫ਼ਤੇ ਚਾਹੇ, ਸਵਾਦੀ ਦਾਲ ਘਰ ਦੀ ਹੈ।
ਕਦੀ ਬੱਸਾਂ ਡਰਾਉਂਦੀਆਂ, ਕਦੀ ਕਾਰਾਂ ਡਰਾਉਂਦੀਆਂ,
ਬੜੀ ਲਾਚਾਰ ਔਰਤ ਰੋਜ਼ ਦੁੱਖਾਂ ਵਿਚ ਗੁਜ਼ਰਦੀ ਹੈ।
ਅਧੂਰੀ ਜ਼ਿੰਦਗੀ ਜਾਂ ਫਿਰ ਮਖੌਲ ਕਰੇ ਮੇਰੀ ਕਿਸਮਤ,
ਪਿਆਰੀ ਯਾਦ ਦੇ ਹੰਝੂ ਜਦੋਂ ਅੱਖਾ ’ਚ ਝਰਦੀ ਹੈ।
ਮਨੁੱਖੀ ਸੋਚ ਵੀ ‘ਲੋਟੇ‘ ਜਦੋਂ ਆਜ਼ਾਦ ਹੋ ਜਾਵੇ,
ਹਵਾਵਾਂ ਵਿੱਚ ਉਡਦੀ ਹੈ, ਸਮੁੰਦਰ ਵਿੱਚ ਤਰਦੀ ਹੈ।
ਸੰਪਰਕ: +91 94177 73277