ਸਿੱਖੀ
Posted on:- 28-08-2015
- ਉਂਕਾਰਪ੍ਰੀਤ
ਗਗਨ ਮਹਿ ਥਾਲ ਵੇਖਦੀ ਤੱਕਣੀ,
ਅੱਖਾਂ ’ਚੋਂ ਕਿਧਰ ਗਈ
ਉਹ ਸਿੱਖੀ ਗੁਰ ਨਾਨਕ ਵਾਲੀ,
ਸਿੱਖਾਂ ’ਚੋਂ ਕਿਧਰ ਗਈ?
ਗੁਰ ਬਾਬੇ ਦੇ ਸ਼ਬਦਾਂ ਦੱਸਿਆ,
ਗੁਰ ਬਿਨ ਘੋਰ ਅੰਧੇਰਾ ਹੈ
ਦਸ ਗੁਰ ਬਾਬਿਆਂ ਵਾਲੇ ਹੋ ਕੇ,
ਸਾਡੀ ਲੋਅ ਕਿਧਰ ਗਈ?
ਬਾਹਰੋਂ ਸਬੂਤੇ ਹੋ ਬਹੇ,
ਅੰਦਰੋਂ ਅਧੂਰੇ ਰਹਿ ਗਏ
ਤਨ ਦੀ ਸੁੱਚਮ ਯਾਦ ਰਹੀ,
ਮਨ ਦੀ ਮੈਲ਼ ਵਿਸਰ ਗਈ॥
ਇਕ ਨੂਰੋਂ ਦੁਨੀਆਂ ਜੰਮੀ ਹੈ,
ਅਸਾਂ ਮਜ਼੍ਹਬਾਂ ਦੇ ਵਿਚ ਵੰਡੀ ਹੈ
ਭਗਵੇਂ ‘ਤੇ ਕੇਸਰੀ ਰੰਗਾਂ ਨੂੰ,
ਇਕ ਲਾਲੀ ਲਹੂ ਦੀ ਵਿਸਰ ਗਈ॥
ਜੋ ਮੱਥੇ ਸਨ ਰੁਸ਼ਨਾਉਣ ਲਈ,
ਉਹ ਰਹਿ ਗਏ ਬੱਸ ਘਸਾਉਣ ਲਈ
ਮਨਮਤ ਉਜਿਆਰੇ ਲੋਕਾਂ ਨੂੰ,
ਹਾਏ! ਘਸਿਆਰੇ ਕਰ ਗਈ॥
ਅਸੀਂ ਮੁੜ ਸੱਜਣੋਂ ਠੱਗ ਹੋਏ ਹਾਂ,
ਜਾ ਭਾਗੋ ਨਾਲ ਖਲੋਏ ਹਾਂ
ਮਜ਼ਲੂਮ ਦੀ ਹਾਮੀ ਰਾਖੀ ਦੀ,
ਗੱਲ ਬੀਤੇ ਵਾਂਗੁੰ ਗੁਜ਼ਰ ਗਈ॥
ਲਹੂ ਲੋਕਾਂ ਦਾ ਜਿਸ ਕਲਗੀ ਤੇ,
ਅਸੀਂ ਉਸਦੇ ਨੌਕਰ ਚਾਕਰ ਹਾਂ
ਬਾਬਰ ਨੂੰ ਜ਼ਾਬਰ ਕਹਿਣੇ ਦੀ
ਸਾਡੀ ਜ਼ੁੱਰਤ ਨਿਆਰੀ ਬਿਖਰ ਗਈ॥
ਨਾ-ਧਿਰਿਆਂ ਦੀ ਧਿਰ ਹੁੰਦੇ ਸਾਂ,
ਪੱਤ ਸਾਂ ਅਸੀਂ ਨਾ-ਪੱਤਿਆ ਦੀ
ਸਿੰਘ ਹੋਣ ਦੀ ਗੱਲ ਤਾਂ ਮਗਰੋਂ ਹੈ,
ਸਾਨੂੰ ਗੁਰ-ਸਿੱਖੀ ਵੀ ਵਿਸਰ ਗਈ॥
ਦਸਤਾਰ ਦੀ ਸਰਬੁਲੰਦੀ ਨੂੰ,
ਅਸੀਂ ਪੱਗ ਤਕ ਸੀਮਤ ਕੀਤਾ ਹੈ
ਸਿਰ ਗਾਇਬ ਤੇ ਪੱਗ ਬੰਨਦੇ ਹਾਂ,
ਸੱਚੀ ਸਿਰਦਾਰੀ ਉਡਰ ਗਈ॥
ਉਹ ਸਿੱਖੀ ਗੁਰ ਨਾਨਕ ਵਾਲੀ,
ਸਿੱਖਾਂ ’ਚੋਂ ਕਿਧਰ ਗਈ?
ਦਲਜੀਤ ਸਿੰਘ ਬੋਪਾਰ
ਲਾਜਵਾਬ