ਕਿਰਤ ਨਾਲ ਹਰਿਆਵਲਾਂ - ਹਰਜਿੰਦਰ ਗੁਲਪੁਰ
Posted on:- 28-08-2015
ਜਾਗਣ ਵਾਲੇ ਸਿਰਾਂ ਦੀ, ਪਈ ਸਦਾ ਹੀ ਲੋੜ।
ਸੁੱਤੇ ਹੋਏ ਸਿਰਾਂ ਜਿਹਾ,ਨਹੀਂ ਕੋਈ ਵੀ ਕੋਹੜ।
ਗੀਤਾਂ ਵਿਚ ਜੱਟ ਮਸਤ ਕੇ,ਬਣਿਆ ਧੰਨਾ ਸੇਠ।
'ਧੰਨਾ',ਮੌਜਾਂ ਮਾਣਦਾ,ਰਿਹਾ ਠਾਕਰ ਨੱਕੇ ਮੋੜ।
ਕਾਲੇ ਧਨ ਦੇ ਰਾਹ ਵਿਚ, ਬੈਠੇ ਹੋਏ ਨੇ ਨਾਗ,
ਮੋਦੀ ਦੀਆਂ ਨਿਆਮਤਾਂ,ਲੈ ਗਈ ਗੰਗਾ ਰੋਹੜ।
ਵਕਤੋਂ ਖੁੰਝੇ ਲੋਕ ਅੱਜ, ਭਾਲਣ ਆਲ ਪਤਾਲ,
ਪੈਰ ਪੈਰ ’ਤੇ 'ਬੰਦੀਆਂ' ,ਥਾਂ ਥਾਂ 'ਬੰਦੀ ਛੋੜ'।
ਦੂਜੇ ਦਾ ਹੱਕ ਮਾਰ ਕੇ,ਖੂਨ ਰਹੇ ਜੋ ਚੂਸ,
ਹਫਤੇ ਦਸ ਦਿਨ ਵਿਚ ਹੀ,ਜੋੜਨ ਲੱਖ ਕਰੋੜ।
ਪੂੰਜੀ ਮੁੱਕੀ ਸਾਹਾਂ ਦੀ,ਅੱਗੇ ਆਇਆ ਸੱਚ,
ਪਿੱਛੇ ਕੁਝ ਵੀ ਨਾ ਰਿਹਾ, ਜਦੋਂ ਲਗਾਇਆ ਜੋੜ।
ਸਾਰਾ ਕੁਝ ਸਮੇਟ ਕੇ, ਲੋਕੀ ਕੀਤੇ ਨੰਗ,
ਤਿੱਖੀਆਂ ਧੁੱਪਾਂ ਵੰਡ ਕੇ, ਬਣਿਆ ਬਾਬਾ ਬੋਹੜ।
ਕੁਦਰਤ ਦਾ ਰਾਹ ਰੋਕ ਕੇ,ਨਹੀਂ ਮਿਲੇਗਾ ਸੁੱਖ,
ਸੌ ਹਥ ਰੱਸਾ ਸਿਰੇ ਤੇ, ਗੰਢ ਹੈ ਵਾਂਗ ਨਿਚੋੜ।
ਕਿਰਤ ਨਾਲ ਹਰਿਆਵਲਾਂ,ਕਿਰਤ ਮਿਟਾਏ ਭੁਖ।
ਪੈਰਾਂ ਵਿਚ ਕਿਓਂ ਚੁਭਦੇ, ਫੇਰ ਕਿਰਤ ਦੇ ਰੋੜ।
ਸੰਪਰਕ: 0061 469 976214