ਗ਼ਜ਼ਲ - ਆਰ.ਬੀ.ਸੋਹਲ
Posted on:- 26-08-2015
ਨਾ ਰੁਕਦੇ ਵੇਖ ਕੇ ਸੜਦਾ, ਬਚਾਉਂਦੇ ਨਾ ਕਦੇ ਵੇਖੇ
ਉਹ ਜਿਹੜੇ ਵੇਚਦੇ ਅੱਗਾਂ , ਬੁਝਾਉਂਦੇ ਨਾ ਕਦੇ ਵੇਖੇ
ਉਖਾੜਨ ਉਹ ਜੜੋਂ ਬੂਟੇ, ਤੇ ਕਰਦੇ ਕਤਲ ਛਾਵਾਂ ਨੂੰ,
ਜਿਨ੍ਹਾਂ ਨੇ ਸੋਚਿਆ ਨਾ ਕੱਲ੍ਹ, ਲਗਾਉਂਦੇ ਨਾ ਕਦੇ ਵੇਖੇ
ਜਿਨ੍ਹਾਂ ਨੂੰ ਕੀਲਿਆ ਘਰ ਨੇ ,ਮੁਸਾਫ਼ਿਰ ਬਣਨ ਨਾ ਦਿੱਤਾ,
ਉਹ ਗੁਰੂਆਂ ਵਾਂਗ ਕਦਮਾਂ ਨੂੰ, ਵਧਾਉਂਦੇ ਨਾ ਕਦੇ ਵੇਖੇ
ਵਫ਼ਾਵਾਂ ਦੇ ਘੜੇ ਵਿਚ ਬਸ, ਟਿਕੇ ਇਕਰਾਰ ਦਾ ਪਾਣੀ,
ਜਿਨ੍ਹਾਂ ਤੋਂ ਤਿੜਕ ਜਾਵੇ ਉਹ, ਪੁਗਾਉਂਦੇ ਨਾ ਕਦੇ ਵੇਖੇ
ਦਿਲਾਂ ਵਿਚ ਪਾਲਦੇ ਨਫਰਤ,ਨਾ ਕਰਦੇ ਕਦਰ ਰਿਸ਼ਤੇ ਦੀ,
ਮੁਕੱਦਸ਼ ਰਿਸ਼ਤਿਆਂ ਨੂੰ ਵੀ , ਨਿਭਾਉਂਦੇ ਨਾ ਕਦੇ ਵੇਖੇ
ਘਰਾਂ ਨੂੰ ਪਾੜ ਕੇ ਰਖਦੇ, ਤੇ ਪਾਉਂਦੇ ਰੋਜ਼ ਉਹ ਵੰਡਾਂ,
ਉਹ ਲੜਦੇ ਵੀ ਭਰਾਵਾਂ ਨੂੰ,ਮਨਾਉਂਦੇ ਨਾ ਕਦੇ ਵੇਖੇ
ਜਗਾਉਂਦੇ ਦੀਪ ਕਬਰਾਂ ਤੇ, ਵਿਖਾਵੇ ਦੇ ਲਈ ਬਸ ਜੋ,
ਹਨੇਰੇ ਰਾਹ ਤੇ ਉਹ ਦੀਵੇ, ਜਗਾਉਂਦੇ ਨਾ ਕਦੇ ਵੇਖੇ
ਸਜਾ ਕੇ ਤਿਲਕ ਮੱਥੇ ਤੇ, ਜੋ ਕਰਦੇ ਹਵਸ ਦੀ ਪੂਜਾ,
ਉਨ੍ਹਾਂ ਨੂੰ ਅਰਸ਼ ਤੋਂ ਡਿੱਗਿਆਂ , ਉਠਾਉਂਦੇ ਨਾ ਕਦੇ ਵੇਖੇ
ਕਿ ਰਹਿਣਾ ਕੈਦ ਪਿੰਜਰੇ ਵਿੱਚ, ਜਿਨ੍ਹਾਂ ਨੇ ਸੋਚਿਆ ਸੋਹਲ ,
ਉਹ ਨੈਣੀਂ ਖਾਬ ਅੰਬਰਾਂ ਦੇ, ਸਜਾਉਂਦੇ ਨਾ ਕਦੇ ਵੇਖੇ