ਠੰਡੂ ਰਾਮ
Posted on:- 26-08-2015
-ਸੁਨੀਲ ਕੁਮਾਰ 'ਨੀਲ'
ਅੱਜ ਡਾਢੀ ਠੰਡ ਜਿਹੀ ਮਹਿਸੂਸ ਹੋ ਰਹੀ ਹੈ।
ਜਿੰਝ ਕੋਈ ਠੰਡਾ ਜਿਹਾ ਮਹਿਮਾਨ
ਸਾਡੇ ਵਿਹੜੀਂ ਆ ਵੜਿਆ ਹੋਵੇ,
ਇੰਨਾ ਠੰਡਾ
ਕਿ ਉਸਨੂੰ ਡਿੱਠਿਆਂ ਹੀ
ਜਿਵੇਂ ਨੈਣਾ ਨੂੰ ਠਾਰਾ ਚੜ੍ਹਿਆ ਹੋਵੇ।
ਉਸਨੂੰ ਛੂਹ ਲਈਏ
ਤਾਂ ਇੰਝ ਜਾਪਦਾ ਹੈ
ਜਿੰਝ ਪੋਹ ਮਹੀਨੇ ਦੌਰਾਨ
ਮਨਾਲੀ ਦੀਆਂ ਪਹਾੜੀਆਂ ਤੇ ਵਿਛੀ
ਬਰਫ ਦੀ ਚਾਦਰ ਉੱਪਰ
ਹੱਥ ਜਾ ਧਰਿਆ ਹੋਵੇ।
ਉਸਦਾ ਸੁਰਮਈ ਸ਼ੀਸ਼ੇ ਜਿਹਾ ਸਰੀਰ
ਅਡੋਲ ਅਤੇ ਸੁਡੋਲ,
ਜੇਠ ਹਾੜ ਦੀ ਰੁੱਤੇ
ਠੰਡੀ ਛਬੀਲ ਵਾਂਗਰਾਂ
ਅਨਮੋਲ ਅਤੇ ਨਿਰੌਲ
ਜਿੰਝ ਠੰਡੀ ਕਿਸੇ ਖੂਹੀ ਦੀਆਂ ਟਿੰਡਾਂ ਰਾਹੀਂ
ਸੁੱਚੀ ਮਿੱਟੀ ਦਾ ਬਣਿਆ
ਘੜਾ ਕੋਈ ਭਰਿਆ ਹੋਵੇ।
ਇਹ ਠੰਡੜਾ ਜਿਹਾ ਘੜਾ
ਕਿਧਰੇ ਓਹੀਓ ਤਾਂ ਨਹੀਂ
ਜੋ ਕਿਸੇ ਸਾਂਵਲੀ ਅਤੇ
ਲੰਮ-ਸਲੰਮੀਂ ਹੂਰ ਦੇ
ਸਿਰ ਉੱਪਰ ਟਿਕਾ ਕੇ ਧਰਿਆ ਹੋਵੇ,
ਜਿਦ੍ਹੇ ਛਲਕਾਅ ਨੂੰ ਡਿੱਠਣ ਲਈ
ਪੂਰੇ ਦਾ ਪੂਰਾ ਪਿੰਡ
ਇਸਦੇ ਦੁਆਲੇ ਆ ਜੁੜਿਆ ਹੋਵੇ
ਅੱਜ ਵਾਰ ਵਾਰ
ਸਾਡੀਆਂ ਬੇਚੈਨ ਦਹਿਲੀਜਾਂ ਨੂੰ
ਡਾਢੀ ਠੰਡ ਜਿਹੀ ਕਿਉਂ ਮਹਿਸੂਸ ਹੋ ਰਹੀ ਹੈ,
ਜਿੰਝ ਕੋਈ ਠੰਡਾ ਜਿਹਾ ਮਹਿਮਾਨ
ਸਾਡੇ ਵਿਹੜੀਂ ਆ ਵੜਿਆ ਹੋਵੇ।
ਸੰਪਰਕ: +91 94184 70707
Neel
Shukriyaa SuhiSaver.Com