ਯਾਰਾਂ ਨਾਲ ਬਹਾਰਾਂ - ਭੁਪਿੰਦਰ ਸਿੰਘ ਬੋਪਾਰਾਏ 
      
      Posted on:- 23-08-2015
      
      
      								
				   
                                    
      
ਯਾਰਾਂ ਨਾਲ ਬਹਾਰਾਂ ਹੁੰਦੀਆਂ 
ਦੁਸ਼ਮਣ ਕੋਲੇ ਖਾਰਾਂ  ਹੁੰਦੀਆਂ 
ਜੁੜ ਬੈਠਣ ਜੇ ਸ਼ਖਸ਼ ਸਿਆਣੇ 
ਚੇਤਨ ਖੂਬ  ਵਿਚਾਰਾਂ ਹੁੰਦੀਆਂ 
ਜਾਗੇ ਜਦ ਜਦ ਸੁੱਤੀ ਜਨਤਾ 
ਡਰੀਆਂ ਫਿਰ ਸਰਕਾਰਾਂ ਹੁੰਦੀਆਂ 
ਲੱਗਣ ਕਿੰਝ ਉਹ ਪਾਰ ਕਿਨਾਰੇ 
ਡੋਬੀਆਂ ਜੋ ਪੱਤਵਾਰਾਂ  ਹੁੰਦੀਆਂ 
ਫਿਰ ਜੁਲਮ ਕਦੇ ਦਾ ਠੱਲ ਜਾਂਦਾ 
ਧੁਹੀਆਂ ਜੇ ਤਲਵਾਰਾਂ  ਹੁੰਦੀਆਂ 
ਪੂੰਜੀਵਾਦ ਨਿਜਾਮ ਦੀਆਂ ਇੱਥੇ 
ਵੇਖਾਂ  ਮੈਂ  ਪੌਂ  ਬਾਰਾਂ  ਹੁੰਦੀਆਂ 
ਕਦਮ ਕਦਮ ਤੇ ਧੀਆਂ ਲਈ ਕਿਉਂ 
ਪੈਰਾਂ  ਹੇਠ ਅੰਗਾਰਾਂ  ਹੁੰਦੀਆਂ 
' ਬੋਪਾਰਾਏ '  ਆਪਣੇ  ਘਰ  ਤੋਂ 
ਚੰਗੀਆਂ  ਹੋਰ  ਨਾ ਠਾਰਾਂ ਹੁੰਦੀਆਂ 
                             
ਸੰਪਰਕ: +91 98550 91442