ਜਿੱਤ ਕੇ ਵੀ ਗਏ ਹਾਰ - ਹਰਜਿੰਦਰ ਗੁਲਪੁਰ
Posted on:- 23-08-2015
ਕੰਡੇ ਚੁਗਣ ਦੀ ਥਾਂ ਜੋ, ਦਿੰਦੇ ਕਚ ਖਲਾਰ,
ਗਲ ਨਾਲ ਲਾ ਕੇ ਰਖਦੀ,ਸਮਿਆਂ ਦੀ ਸਰਕਾਰ।
ਧਰਤੀ ਦਾ ਢਿੱਡ ਪਾੜ ਕੇ,ਫੋਲੀ ਸਾਰੀ ਕੁੱਖ,
ਕੁੱਖ ਦੇ ਵਿਚ ਜੋ ਦੌਲਤਾਂ,ਕੱਢ ਕੇ ਰਖੀਆਂ ਬਾਹਰ।
ਖੋਹੀ ਜੰਗਲ ਦੀ ਮਾਲਕੀ,ਦਿੱਤਾ ਚਮਨ ਉਜਾੜ,
ਹੰਟਰ ਫੜੀ ਗਰੀਨ ਹੱਥ,ਖੇਡਣ ਨਿੱਤ ਸ਼ਿਕਾਰ।
ਕੌਰਵ ਸਭਾ ਚ ਉਠਕੇ ,ਬੋਲੇ ਜਿਹੜਾ ਸੱਚ,
ਉਹਦੇ ਉੱਤੇ ਉਠਦੀ,ਹੈ ਜਾਬਰ ਦੀ ਤਲਵਾਰ।
ਏਸ ਚਮਨ ਦਾ ਦੇਖਿਆ,ਮੁਢੋਂ ਹੀ ਦਸਤੂਰ,
ਖਾਰਾਂ ਦੀ ਥਾਂ ਫੁੱਲ ਨੇ,ਫੁੱਲਾਂ ਦੀ ਥਾਂ ਖਾਰ।
ਖੱਪਰ ਖਾਲੀ ਹੋਣ ਦੀ,ਅਜੇ ਕੋਈ ਨਹੀਂ ਆਸ,
ਬਲੀ ਦੇਣ ਨੂੰ ਖੜੇ ਨੇ ਬੱਕਰੇ ਕਈ ਹਜ਼ਾਰ।
ਫੱਟਾ ਗਊ ਗਰੀਬ ਦੀ ਰਾਖੀ ਵਾਲਾ ਲਾ,
ਅੰਦਰਖਾਤੇ ਦੋਹਾਂ ਨੂੰ ਵੇਚਣ ਵਿਚ ਬਜ਼ਾਰ।
ਰਾਮ ਲੱਲਾ ਜਦ ਜਾਗਿਆ,ਤਾਲੇ ਦਿੱਤੇ ਤੋੜ,
ਖੂਨ ਚ ਡੋਬ ਅਯੁਧਿਆ,ਖੁਸ਼ ਹੋਏ ਅਸਵਾਰ।
ਚੁਣ ਕੇ ਗਏ ਸੀ ਸੂਰਮੇ,ਜੋ ਲੋਕ ਸਭਾ ਦੇ ਵਿਚ,
ਰਲ ਕੇ ਸਭ ਨੇ ਰਾਜਸੀ,ਖਿੱਦੋ ਦਿੱਤੀ ਖਿਲਾਰ।
ਸਹਿੰਦਿਆਂ ਸਭੇ ਜਲਾਲਤਾਂ, ਹੋ ਗਏ ਸੱਤਰ ਸਾਲ,
ਦੇਸ਼ ਭਗਤ ਮੇਰੇ ਦੇਸ਼ ਦੇ, ਜਿੱਤ ਕੇ ਵੀ ਗਏ ਹਾਰ।
ਸੰਪਰਕ: 0061 469 976214