ਪੰਦਰਾਂ ਅਗਸਤ !
Posted on:- 15-08-2015
- ਬਲਕਰਨ ਕੋਟ ਸ਼ਮੀਰ
ਪੰਦਰਾਂ ਅਗਸਤ!
ਤੂੰ ਫਿਰ ਆ ਗਈ ਏਂ?
ਤੂੰ ਸਾਲ ਪਹਿਲਾਂ ਵੀ ਆਈ ਸੀ...
ਤੇ ਅਸੀਂ ਇਸ ਦਿਨ
ਇੱਕ ਦੂਜੇ ਦੀ ਰੀਸ ਨਾਲ
ਸ਼ਹੀਦਾਂ ਨੂੰ ਯਾਦ ਕਰਨਾ
ਫ਼ਰਜ਼ ਸਮਝਿਆ ਸੀ
ਤੇ ਹੁਣ ਫੇਰ
ਸਾਲ ਬਾਅਦ ਫੇਰ ਲੈ ਆਈ ਏਂ,
ਓਹੀ ਢੌਂਗ ਕਰਨ ਦਾ ਦਿਨ।
ਤਖ਼ਤਾਂ ਦੇ ਮਾਲਕ ਵੀ ਜਾਣਗੇ
ਬੰਦ ਗੱਡੀਆਂ `ਚ
ਸ਼ਹੀਦਾਂ ਦੀਆਂ ਮੜ੍ਹੀਆਂ `ਤੇ
ਹੱਥਾਂ `ਚ ਫੁੱਲਾਂ ਦੀਆਂ ਟੋਕਰੀਆਂ ਲੈ ਕੇ
ਪਰ ਪਹਿਲਾਂ
ਦੇਖਣਗੇ ਅਖ਼ਬਾਰ ਵਾਲਿਆਂ ਵੱਲ,
ਦੇਖਣਗੇ ਫੋਟੋ ਵਾਲਿਆਂ ਵੱਲ,
ਤੇ ਫੇਰ ਹੋਣਗੇ ਸ਼ਹੀਦਾਂ ਨੂੰ ਫੁੱਲ ਭੇਂਟ।
ਤਿਰੰਗਾ ਲਹਿਰਾਉਣ ਤੋਂ ਬਾਅਦ
ਲੈਕਚਰ ਪੈਸ਼ ਹੋਣਗੇ ਅਜ਼ਾਦੀ ਦੀ ਖ਼ੁਸ਼ਹਾਲੀ `ਤੇ
ਬੋਲੇ ਜਾਣਗੇ ਬੋਲ ਉਪਮਾਂ ਲਈ
ਆਪਣੇ ਹੀ ਵੱਡੇ -ਵਡੇਰਿਆਂ ਦੀ ਉਪਮਾਂ
ਜਿਨ੍ਹਾਂ ਨੇ ਅਜ਼ਾਦੀ ਲਈ ਨਹੀਂ
ਗੱਦੀ ਲਈ ਸੰਘਰਸ਼ ਕੀਤੈ,
ਅੰਗਰੇਜ਼ਾਂ ਦੇ ਕੌਲੀ ਚੱਟਾਂ ਦੀ ਉਪਮਾ
ਪੰਦਰਾਂ ਅਗਸਤ!
ਆ ਜਾ ਤੇ ਮੁੜ ਜਾਵੀਂ
ਸਾਲ ਭਰ ਵਾਸਤੇ
ਪਰ
ਸ਼ਹਾਦਤਾਂ ਦੇ ਮੁੱਲ,
ਆਤਮਾਵਾਂ ਦੀ ਕਦਰ
ਅਜ਼ਾਦੀ ਦੇ ਅਰਥ
ਸਾਡੇ ਤੋਂ ਆਸ ਨਾ ਰੱਖੀਂ।
ਸੰਪਰਕ: +91 75080 92957