ਵਕਫ਼ਾ - ਸੁਨੀਲ ਕੁਮਾਰ 'ਨੀਲ'
Posted on:- 13-08-2015
ਤੇਰੇ ਤੇ ਮੇਰੇ ਸ਼ਹਿਰ ਦਾ
ਬਸ ਇੰਨਾ ਕੁ ਵਕਫ਼ਾ
ਹਿੰਢ ਦਾ ਪਿੰਡ ਹੈ ਗੱਭ 'ਚ
'ਤੇ ਹਉਮੇਂ ਦਾ ਰਸਤਾ
ਪੈਰ ਧਰੋ ਤਾਂ ਹਿੱਲਦਾ
ਡਰ ਦਿੰਦਾ ਸੀਨੀਂ ਪਾ
ਪੁਲ ਵਿਸ਼ਵਾਸ ਦੇ ਹੇਠ ਦੀ
ਇਕ ਝੂਠ ਵਗ੍ਹੇ ਦਰਿਆ
ਹੈ ਰਾਹ ਦੇ ਕੰਢੇ ਪਿੱਪਲੀ
ਜਿਦ੍ਹਾ ਸਿੰਮਲ ਜਿਹਾ ਸੁਭਾਅ
ਜਿਦ੍ਹੀ ਬੁੱਕਲ ਬੈਠੇ ਬਾਬੇ ਨੇਂ
ਕਰ ਚੁਗ਼ਲੀ ਮਜ਼ਾ ਲਿਆ
ਇਕ ਖੂਹੀ ਵੀ ਹੈ ਰਾਹ 'ਤੇ
ਜਿਦ੍ਹੇ ਪਾਣੀ ਵਿਚ ਨਸ਼ਾ
ਜਿਦ੍ਹੀ ਲੱਜ ਤੋੜੀ ਮਾਪਿਆਂ
ਕਿ ਮਰੇ ਰਾਹੀ ਤਿਰਹਾ
ਇਕ ਟੀਨ ਦਾ ਛੱਪੜ ਜੂਹ 'ਤੇ
ਜਿਦ੍ਹਾ ਗੀਤਾਂ ਜਿਹਾ ਸੁਭਾਅ
ਜੇ ਬੱਚੇ ਮਾਰਨ ਰੋੜੀਆਂ
ਦੇਵੇ ਸੰਗੀਤ ਸੁਣਾ
ਇਕ ਵੈਦਣ ਦੀ ਹੈ ਹੱਟੜੀ
ਜਿੱਥੇ ਜੰਮੀਂ ਪਰੀ ਜ਼ਰਾ
ਜਿਹਨੂੰ ਚਹੁੰ ਦਿਨ ਗੋਦੀ ਨਾ ਮਿਲੀ
'ਤੇ ਹੋ ਗਈ ਅੰਤ ਹਵਾ
ਕੀ ਮਹਿਲ 'ਤੇ ਮਾੜੀਆਂ ਫੂਕਣੇ
ਜਿੱਥੇ ਦੱਮ ਘੁਟਣ ਸਦਾ
ਤੇਰੇ ਮਹਿਲ ਦੇ ਨਾਲੋਂ ਵੱਧ ਹੈ
ਮੇਰੀ ਝੁੱਗੀ ਵਿੱਚ ਹਵਾ
ਤੇਰੇ ਤੇ ਮੇਰੇ ਸ਼ਹਿਰ ਦਾ
ਬਸ ਇੰਨਾ ਕੂ ਵਕਫ਼ਾ।
ਸੰਪਰਕ: +91 94184 70707
Neel
Shukriya SuhiSaver.Org!