ਸਮਸ਼ੇਰ ਸੰਧੂ ਦੀਆਂ ਕੁਝ ਕਾਵਿ-ਰਚਨਾਵਾਂ
Posted on:- 12-08-2015
ਦੋਸਤੋ ਜਾਦੂ ਭਰੀ ਇਹ ਰਾਤ ਹੈ
ਜਨਮ ਲੈਂਦੀ ਏਸ ਤੋਂ ਪਰਭਾਤ ਹੈ।
ਘਾਤ ਘਾਤੀ ਲਾਕੇ ਬੈਠੇ ਹਰ ਘੜੀ
ਲੋੜਦੇ ਜੋ ਸੱਚ ਕਰਨਾ ਘਾਤ ਹੈ।
ਮੌਤ ਤੋਂ ਵੀ ਜਨਮ ਲੈਂਦੀ ਜ਼ਿੰਦਗੀ
ਮੌਤ ਨੂੰ ਵੀ ਕਰ ਰਹੀ ਇਹ ਮਾਤ ਹੈ।
ਹੋ ਗਿਓਂ ਸਰਦਾਰ ਸਾਰੀ ਖਲਕ ਦਾ
ਵੇਖ ਕੇ ਹੈਰਾਨ ਆਦਮ ਜ਼ਾਤ ਹੈ।
ਵੇਖ ਸੱਜਨ ਛਾ ਗਈ ਕਾਲੀ ਘਟਾ
ਸ਼ੌਕ ਦੀ ਹੋਈ ਕਿਹੀ ਬਰਸਾਤ ਹੈ।
ਜ਼ਿੰਦਗੀ ਹੈ ਜੀਣ ਹਰ ਦਮ ਤਾਂਘਦੀ
ਕੌਣ ਆਖੇ ਬੀਤ ਚੁੱਕੀ ਬਾਤ ਹੈ।
ਵੰਡ ਭਾਵੇਂ ਬੁੱਕ ਭਰ ਭਰ ਦੋਸਤਾ
ਨਾ ਘਟੇ ਗੀ ਦੋਸਤੀ ਸੌਗਾਤ ਹੈ।
***
ਦੋਸ਼ ਲਗਾਕੇ ਮੱਥੇ ਮੇਰੇ, ਦੇਂਵੇਂ ਜੱਗ ਹਸਾਈਆਂ ਕਿਉਂ?
ਸੋਹਲ ਤੇਰੇ ਮੁਖੜੇ ਉੱਤੇ, ਉੱਡਣ ਫੇਰ ਹਵਾਈਆਂ ਕਿਉਂ?
ਧਰਮ ਦੇ ਠੇਕੇਦਾਰਾਂ ਦਾ ਤੇ, ਪਾਜ ਚੁਰਾਹੇ ਖੁਲ ਗਿਆ
ਮੂੰਹੋਂ ਝੂਠੇ ਪਰਦੇ ਉਤਰੇ, ਐਂਵੇਂ ਦੇਣ ਸਫਾਈਆਂ ਕਿਉਂ?
ਕੈਦੋਂ ਆਣ ਚੁਰਾਈ ਚੂਰੀ, ਪਾ ਦਰਵੇਸ਼ੀ ਚੋਲਾ ਨੀ
ਚਾਕ ਤੇਰੀ ਬੰਸੀ ਨੂੰ ਤਰਸਣ ਨਿੱਤ ਸਿਆਲੀਂ ਜਾਈਆਂ ਕਿਉਂ?
ਦਾਵੇ ਕਰਦੇ ਸੀ ਨਿਸਦਿਨ ਹੀ, ਜਿਹੜੇ ਪੱਕੀਆਂ ਸਾਂਝਾਂ ਦੇ
ਲੋੜ ਪਈ ਤੋਂ ਆਲੇ ਟਾਲੇ, ਕਰਦੇ ਨੇ ਚਤਰਾਈਆਂ ਕਿਉਂ?
ਪਾਕੇ ਯਾਰੀ ਤੋੜ ਨਾ ਚਾੜ੍ਹਣ, ਹੈ ਦਸਤੂਰ ਜਿਨ੍ਹਾਂ ਦਾ ਇਹ
ਉਹਨਾਂ ਬਦਲੇ ਤੇਰੀਆਂ ਸਜਣਾ, ਰੀਝਾਂ ਨੇ ਸਧਰਾਈਆਂ ਕਿਉਂ?
ਸਭ ਜਗ ਜਾਣੇ ਸਹਿਲ ਨਾ ਹੁੰਦੇ, ਪੈਂਡੇ ਬਿਖੜੀਆਂ ਰਾਹਾਂ ਦੇ
ਜਾਣੇ ਬੁੱਝੇ ਤੂੰ ਤਕਦੀਰਾਂ, ਔਝੜ ਰਾਹੇ ਪਾਈਆਂ ਕਿਉਂ?
ਉਂਝ ਤੇ ਲੋਚੇਂ ਰਸਤੇ ਤੇਰੇ, ਫੁੱਲਾਂ ਲੱਦੇ ਹੋਣ ਸਦਾ
ਉਹਨੀ ਰਾਹੀਂ ਤੂੰ ਹੀ ਆਪੇ, ਸੂਲਾਂ ਦੱਸ ਵਛਾਈਆਂ ਕਿਉਂ?
ਦਿਲ ਦੇ ਬੂਹੇ ਛੋਟੇ ਜੇ ਕਰ, ਯਾਰ ਨ ਪੁੰਨੂੰ ਫੇਰ ਬਣਾ
ਊਠਾਂ ਵਾਲੇ ਸੱਜਣ ਨਾਲੇ, ਤੂੰ ਸਨ ਅੱਖਾਂ ਲਾਈਆਂ ਕਿਉਂ?
ਮਾਣ ਬੜਾ ਸੀ ਤੈਨੂੰ ਹੁੰਦਾ, ਵਡੀਆਂ ਵਡੀਆਂ ਅਕਲਾਂ ਦਾ
ਨਿਹੁ ਦੇ ਸੌਦੇ ਘਾਟਾ ਖਾਕੇ, ਸ਼ਕਲਾਂ ਨੇ ਮੁਰਝਾਈਆਂ ਕਿਉਂ?
ਸਚ ਹੈ ਜੇਕਰ ਸੀਨੇ ਤੇਰੇ, ਅੱਗੇ ਕਦਮ ਵਧਾਈ ਜਾ
ਔਖੇ ਰਾਹੀਂ ਤੁਰਦੇ ਹੋਏ, ਸੁਰਤਾਂ ਨੇ ਪਥਰਾਈਆਂ ਕਿਉਂ?
ਡੀਕਾਂ ਲਾਕੇ ਪੀ ਲੈਂਦੋਂ ਜੇ, ਨਿਹੁ ਦਾ ਅੰਮ੍ਰਿਤ ਸਾਰਾ ਤੂੰ
ਦਿਲ ਵਿਚ ਯਾਰ ਵਸਾਦੋਂ ਸੰਧੂ,ਤਕਦੋ ਫੇਰ ਜੁਦਾਈਆਂ ਕਿਉਂ?