ਲਿਖਣ ਨਾ ਦਿੱਤੀ - ਹਰਜਿੰਦਰ ਗੁਲਪੁਰ
Posted on:- 07-08-2015
ਲਿਖ ਦੇਣੀ ਸੀ ਕੋਈ ਇਬਾਰਤ,
ਹਮਸਫਰਾਂ ਨੇ ਲਿਖਣ ਨਾ ਦਿੱਤੀ।
ਬਾਜ਼ੀਗਰਾਂ ਦੀ ਆਤਮ ਹੱਤਿਆ,
'ਬਾਜ਼ੀਗਰਾਂ'ਨੇ ਲਿਖਣ ਨਾ ਦਿੱਤੀ।
ਗਾਥਾ ਖੰਜਰਾਂ ਛੁਰਿਆਂ ਵਾਲੀ,
ਕਾਰੀਗਰਾਂ ਨੇ ਲਿਖਣ ਨਾ ਦਿੱਤੀ।
ਕਰਾਮਾਤ ਕੁਰਬਾਨੀ ਬਣ ਗਈ,
ਸਿਤਮਗਰਾਂ ਨੇ ਲਿਖਣ ਨਾ ਦਿੱਤੀ।
ਖਬਰ ਕੋਈ ਵੀ ਮਾਰੂਥਲ ਦੀ,
'ਪਾਣੀਭਰਾਂ'ਨੇ ਲਿਖਣ ਨਾ ਦਿੱਤੀ।
ਚਿੱਠੀ ਜ਼ਾਲਮ ਸ਼ਹਿਰ ਦੇ ਨਾਂ ਤੇ,
ਕਿਸੇ ਗਰਾਂ ਨੇ ਲਿਖਣ ਨਾ ਦਿੱਤੀ।
ਮਾਦਾਵਾਂ ਦੀ ਅਜਬ ਕਹਾਣੀ,
ਜਾਬਰ ਨਰਾਂ ਨੇ ਲਿਖਣ ਨਾ ਦਿੱਤੀ।
ਟੁੱਟੇ ਖੰਭਾਂ ਵਾਲੀ ਹੋਣੀ,
ਉੱਡਦੇ ਪਰਾਂ ਨੇ ਲਿਖਣ ਨਾ ਦਿੱਤੀ।
ਨੀਵੇਂ ਘਰਾਂ ਚ ਬਾਤ ਜੋ ਹੁੰਦੀ,
ਉੱਚੇ ਘਰਾਂ ਨੇ ਲਿਖਣ ਨਾ ਦਿੱਤੀ।
ਡੁੱਬ ਗਏ ਹੰਸਾਂ ਵਾਲੀ ਵਿਥਿਆ,
'ਮਾਨਸਰਾਂ' ਨੇ ਲਿਖਣ ਨਾ ਦਿੱਤੀ।
ਸੰਪਰਕ: 0061 469 976214