ਇਨਸਾਫ਼ ਦੀ ਦੇਵੀ - ਹਰਜਿੰਦਰ ਗੁਲਪੁਰ
Posted on:- 06-08-2015
ਥੱਲੇ ਪੱਟੀ ਦੇ ਅੱਖ ਵਿਚ ਟੀਰ ਵਾਲੀ,
ਨਹੀਂ ਦੇਵੀ ਇਨਸਾਫ਼ ਦੀ ਹੋ ਸਕਦੀ।
ਦੇਵੀ ਹੋਵੇ ਵੀ ਜੇ ਉਹ ਦਾਨਵਾਂ ਦੀ,
ਅੱਕ ਜੜਾਂ ਵਿਚ ਕਦੇ ਨਹੀਂ ਚੋ ਸਕਦੀ।
ਤੱਕ ਕੇ ਕਿਸੇ ਯ੍ਕੂਬ ਦੇ ਹੰਝੂਆਂ ਨੂੰ,
ਅੱਖ ਪੱਥਰ ਦੀ ਕਦੇ ਨਹੀਂ ਰੋ ਸਕਦੀ।
ਮੌਜਾਂ ਮਾਣਦੀ ਜਾਤ ਉਚੱਕਿਆਂ ਦੀ,
ਕਦੇ ਸਿਰਾਂ ਤੇ ਮੈਲ ਨੀ ਢੋਅ ਸਕਦੀ।
ਸਾਫ਼ ਮਨਾਂ ਤੇ ਪਾਪ ਦੇ ਦਾਗ ਲੱਗੇ,
ਦੇਵੀ ਨਹੀਂ ਇਨਸਾਫ਼ ਦੀ ਧੋ ਸਕਦੀ।
ਫੜ ਕੇ ਤੱਕੜੀ ਹਥ ਅਨਿਆਂ ਵਾਲੀ,
ਵਾਰ ਵਾਰ ਮਜਲੂਮਾਂ ਨੂੰ ਕੋਹ ਸਕਦੀ।
ਰੂਹਾਂ ਵਿਚ ਇਕਰਾਰ ਜੋ ਸਾਂਭ ਰਖੇ,
ਡੰਡੀ ਮਾਰ ਕੇ ਕਦੇ ਨੀ ਖੋਹ ਸਕਦੀ।
ਹੱਕ ਸਚ ਇਨਸਾਫ਼ ਦੇ ਕਤਰਿਆਂ ਨੂੰ,
ਨਹੀਂ ਮਣਕਿਆਂ ਵਾਂਗ ਪਰੋ ਸਕਦੀ।
ਏਸ ਦੇਵੀ ਨੂੰ ਮਾਇਆ ਨੇ ਵਸ ਕੀਤਾ,
ਪੱਟੀ ਅਖਾਂ ਤੋਂ ਝੱਟ ਖਿਸਕਾ ਲੈਂਦੀ।
ਲਹੂ ਰੰਗਿਆ ਬੋਚ ਕੇ ਨਕਦਨਾਮਾ,
ਮੌਕਾ ਦੇਖ ਕੇ ਜੇਬ ਵਿਚ ਪਾ ਲੈਂਦੀ।
ਸੰਪਰਕ: 0061 469 976214