ਗਰਮ ਖੂਨ - ਹਰਜਿੰਦਰ ਗੁਲਪੁਰ
Posted on:- 05-08-2015
ਡੋਬਣ ਲਈ ਮਲਾਹਾਂ ਨੇ ਲੱਕ ਬੱਧਾ,
ਪੂਰ ਬੇੜੀ ਦਾ ਜਾਏ ਤਾਂ ਜਾਏ ਕਿੱਥੇ?
ਬਾਦਬਾਨਾਂ ਵਿਚ ਥਾਂ ਥਾਂ ਮੋਰੀਆਂ ਨੇ,
ਬੰਦਾ ਚੇਪੀਆਂ ਲਾਏ ਤਾਂ ਲਾਏ ਕਿੱਥੇ?
ਉੱਲੂ ਪਾਲੇ ਨੇ ਬਾਗ ਦੇ ਮਾਲੀਆਂ ਨੇ,
ਚਿੜੀ ਬਾਗ ਦੀ ਗਾਏ ਤਾਂ ਗਾਏ ਕਿੱਥੇ?
ਸਭ ਦੇ ਸਾਹਮਣੇ ਅਖ ਵਿਚ ਟੀਰ ਵਾਲਾ,
ਸੁਰਮਾ ਪਾ ਕੇ ਆਏ ਤਾਂ ਆਏ ਕਿੱਥੇ?
ਮਲਿਕ ਭਾਗੋ ਦੇ ਹੁੰਦਿਆਂ ਆਮ ਬੰਦਾ,
ਲੰਗਰ ਗੁਰੂ ਦਾ ਖਾਏ ਤਾਂ ਖਾਏ ਕਿੱਥੇ?
ਤੱਕ ਤੱਕ ਕੇ ਧਰਤ ਬੇਗਾਨਿਆਂ ਦੀ,
ਪੈਰ ਆਪਣਾ ਪਾਏ ਤਾਂ ਪਾਏ ਕਿੱਥੇ?
ਜਿਬਾਹ ਕਰਨ ਦੇ ਸਮੇਂ ਜ਼ੁਬਾਨ ਸੀਤੀ,
ਕਹੇ,ਖੁੱਲ ਕੇ ਹਾਏ ਤਾਂ ਹਾਏ ਕਿੱਥੇ?
ਗਰਮ ਖੂਨ ਦੀ ਬਲੀ ਪਰਵਾਨ ਹੁੰਦੀ,
ਗਰਮ ਖੂਨ ਚਲਾਏ ਹਕੂਮਤਾਂ ਨੂੰ।
ਗਰਮ ਖੂਨ ਦੇ ਕਿੱਸੇ ਮਸ਼ਹੂਰ ਹੁੰਦੇ,
ਗਰਮ ਖੂਨ ਹੀ ਭਾਏ ਹਕੂਮਤਾਂ ਨੂੰ।
ਸੰਪਰਕ: 0061 469 976214