ਪਰਸ਼ੂ ਬਾਣੀ - ਹਰਜਿੰਦਰ ਗੁਲਪੁਰ
Posted on:- 03-08-2015
ਸਦਾ ਕਾਗਜ਼ੀ ਟਿੱਲੇ ’ਤੇ ਖੜਾ ਹੋ ਕੇ,
ਦਾਨਵੀਰ ਕਹਾਉਣ ਦੀ ਗੱਲ ਕਰਦਾ।
ਪਹਿਲਾਂ ਸਮੇਂ ਤੋਂ ਪੱਕੇ ਖਰਬੂਜ਼ਿਆਂ ਨੂੰ,
ਚੁੱਕ , ਸੇਲ ’ਤੇ ਲਾਉਣ ਦੀ ਗੱਲ ਕਰਦਾ।
ਧਰਮ ਕਰਮ ਦੇ ਫੰਡੇ ਤੋਂ ਦੂਰ ਰਹਿ ਕੇ,
ਪੂਜਾ ਪਾਠ ਕਰਾਉਣ ਦੀ ਗੱਲ ਕਰਦਾ।
ਕਰਕੇ ਛੜਿਆਂ ਦੇ ਵਾਂਗ ਵਿਚੋਲਗਿਰੀਆਂ,
ਛਾਪਾਂ ਛੱਲੇ ਪੁਆਉਣ ਦੀ ਗੱਲ ਕਰਦਾ।
ਲਭ ਲਭ ਕੇ ਰਾਜਸੀ ਖੇਮਿਆਂ ’ਚੋਂ,
ਕੁੱਬੇ ਘੋੜੀ ਚੜਾਉਣ ਦੀ ਗੱਲ ਕਰਦਾ।
ਲੈ ਕੇ ਕਾਲਖਾਂ ਮਨਾਂ ਵਿਚ ਚੌਖਟਾਂ ਤੇ,
ਖਾਲੀ ਸੀਸ ਝੁਕਾਉਣ ਦੀ ਗੱਲ ਕਰਦਾ।
ਟੁੱਟੀ ਸੱਤਰ ਵਿਚ ਬਾਬੇ ਦੇ ਨਾਮ ਉੱਤੇ,
ਕੁਰਸੀ ਉਹੀ ਬਚਾਉਣ ਦੀ ਗੱਲ ਕਰਦਾ।
ਸੰਗਤ ਦਰਸ਼ਨ ਦੇ ਛੱਡ ਕੇ ਤੀਰ ਤੁੱਕੇ,
ਹਰ ਬਾਤ ਲਮਕਾਉਣ ਦੀ ਗੱਲ ਕਰਦਾ।
ਖੇਡ ਖੇਡ ਵਿਚ ਹੱਦਾਂ ਨੂੰ ਪਾਰ ਕਰਕੇ,
ਨਵੀਂ ਹੱਦ ਬਣਾਉਣ ਦੀ ਗੱਲ ਕਰਦਾ।
'ਨੀਲੇ ਤਾਜ' ਤੇ ਕੇਸਰ ਦਾ ਲਾ ਟਿੱਕਾ,
ਪਰਸ਼ੂ ਬਾਣੀ ਪੜਾਉਣ ਦੀ ਗੱਲ ਕਰਦਾ।
ਸੰਪਰਕ: 0061 469 976214