ਸੂਰਬੀਰ ਬਹਾਦਰਾਂ ਦੇ ਨਾਂ -ਐੱਸ ਸੁਰਿੰਦਰ
Posted on:- 29-07-2015
ਇੱਕ ਦਿਲਬਰ ਮੋਇਆ ਏ ,
ਲਾਲੋ ਅੱਜ ਫਾਸੀ ਚੜ੍ਹਿਆ , ਫੁੱਲ ਕੰਡਿਆਂ ਨੇ ਕੋਇਆ ਏ ।
ਇੱਕ ਦੀਵਾ ਬਲਿਆ ਏ ,
ਪ੍ਰੇਮ ਵਿੱਚੋਂ ਲਾਟ ਨਿੱਕਲੀ , ਇੱਕ ਭੰਵਰਾ ਜਲਿਆ ਏ ।
ਅੱਖ ਫੁੱਲ ਦੀ ਚੋਈ ਏ ,
ਕੀ ਤੈਨੂੰ ਆਖਾਂ ਹਾਕਮਾ , ਆਂਤ ਦਰਦ ਪਰੋਈ ਏ ।
ਅੱਜ ਸੱਚ ਗੁਆਚਾ ਏ ,
ਮੌਤ ਵਿਆਉਣੀ ਵੈਰੀਆ , ਸੂਹੇ ਰੰਗ ਦਾ ਲਾਚਾ ਏ ।
ਸੂਹੀ ਪੱਗੜੀ ਸਜਾਈ ਏ ,
ਬੁੱਝਣੀ ਨਾ ਤੈਥੋਂ ਹਾਕਮਾ , ਐਸੀ ਜੋਤ ਜਗਾਈ ਏ ।
ਤੈਨੂੰ ਬੁਜ਼ਦਿਲ ਮੰਨਿਆ ਏ ,
ਜਿੰਦ ਅਸਾਂ ਵਾਰ ਦੇਣੀ , ਗਾਨਾ ਮੌਤ ਦਾ ਬੰਨਿਆ ਏ ।
ਮੇਰੀ ਨਗਰੀ ਆਵੀਂ ਨਾ ,
ਰਾਜ ਹੈ ਹਨੇ੍ਹਰੇ ਦਾ , ਸੱਚੀ ਬਾਤ ਸੁਣਾਵੀਂ ਨਾ ।
ਤੇਰੇ ਸ਼ਹਿਰ ਚੋਂ ਤੁਰ ਜਾਣਾ ,
ਅਸਾਂ ਨਹੀਂ ਆਣਾ ਮੁੜ ਕੇ , ਰੰਗ ਹਾਸਿਆਂ ਦਾ ਖੁਰ ਜਾਣਾ ।
ਤੇਰਾ ਰਾਜ ਗੁਲਾਮਾਂ ਵੇ,
ਸੱਚਿਆਂ ਨੂੰ ਪੈਣ ਠੋਕਰਾਂ , ਹੋਣ ਝੂੱਠ ਨੂੰ ਸਲਾਮਾਂ ਵੇ ।
ਮਾਹੀਆ ਸੱਚ ਦਾ ਗਾਉਂਣਾ ਏ ।
ਹੋਕਾ ਦੇਵਾਂ ਗਲੀ-ਗਲੀ , ਸੁੱਤਾ ਸ਼ਹਿਰ ਜਗਾਣਾ ਏ ।