ਮਾਹੀਆ -ਐੱਸ ਸੁਰਿੰਦਰ
Posted on:- 14-07-2015
ਖਤ ਸੱਜਣਾ ਦਾ ਆਇਆ ਏ,
ਧਰਤੀ ਨਾ ਪੈਰ ਲਗਦਾ,ਗੀਤ ਝਾਂਜਰਾਂ ਨੇ ਗਾਇਆ ਏ।
ਪੀਂਘ ਪਿਪਲੀ ’ਤੇ ਪਾਈ ਏ,
ਸਾਉਣ ਮਹੀਨਾ ਆ ਗਿਆ,ਧਾਰੀ ਕੱਜਲੇ ਦੀ ਪਾਈ ਏ।
ਚੂੜਾ ਵੀਣੀ ਉੱਤੇ ਨੱਚਦਾ ਏ,
ਇੱਕ ਪਲ ਦੂਰ ਨਾ ਹੁੰਦਾ, ਢੋਲਾ ਦਿਲ ਵਿੱਚ ਵੱਸਦਾ ਏ।
ਫੁੱਲ ਸੱਧਰਾਂ ਦਾ ਮੋਇਆ ਏ,
ਸਾਰਾ ਜੱਗ ਵੈਰ ਪੈ ਗਿਆ,ਬੂਹਾ ਸੱਜਣਾ ਨੇ ਢੋਇਆ ਏ।
ਮੇਲ ਮਾਹੀ ਨਾਲ ਹੋਇਆ ਏ,
ਆਸਾਂ ਦੇ ਚਿਰਾਗ ਜਗ ਪਏ, ਹਾਰ ਸੱਧਰਾਂ ਪਰੋਇਆਂ ਏ।
ਲੋਕੋ ਮਾਹੀ ਦੂਰ ਗਿਆ,
ਲੁੱਟ ਗਈ ਜ਼ਿੰਦਗੀ ਮੇਰੀ,ਰੁੱਸ ਸੱਧਰਾਂ ਦਾ ਪੂਰ ਗਿਆ।
ਜੰਝ ਬੂਹੇ ਉੱਤੇ ਆਈ ਏ,
ਚੁੰਨੀ ’ਤੇ ਸਿਤਾਰੇ ਚਮਕਣ,ਘੋੜੀ ਸ਼ਗਨਾਂ ਦੀ ਗਾਈ ਏ।
ਗੀਤ ਬਿਰਹਾ ਗਾਏ ਨੇ,
ਕਰ ਲੈ ਦੀਦਾਰ ਗੋਰੀਏ,ਫੇਰੇ ਜੋਗੀਆ ਪਾਏ ਨੇ।
ਤੇਰੀ ਸੀਰਤ ਗਾਉਂਦੇ ਹਾਂ,
ਤੂੰ ਨਾ ਨਜ਼ਰ ਆਵੇ,ਰੋ-ਰੋ ਵਕਤ ਲੰਘਾਉਂਦੇ ਹਾਂ।
ਮਾਹੀਆ ਹੰਝੂਆਂ ’ਚ ਰੰਗਿਆਂ ਏ,
ਰੱਬਾ ਸਾਨੂੰ ਮੇਲ ਦੇਵੀਂ,ਸਾਨੂੰ ਹਿਜ਼ਰ ਨੇ ਡੰਗਿਆ ਏ।