ਪੰਜਾਬ ਸਿਆਂ - ਸਤਨਾਮ ਪਾਲੀਆ
Posted on:- 13-07-2015
ਵੰਡ ਸੰਤਾਲੀ ਦੀ ਤੂੰ ਹੱਡਾਂ ’ਤੇ ਹੰਢਾ ਲਈ
ਜ਼ਿੰਦਗੀ ਦੀ ਗੱਡੀ ਫੇਰ ਸਿੱਧੀ ਲੀਹ ’ਤੇ ਪਾ ਲਈ
ਉੱਜੜ ਕੇ ਹੋ ਗਿਆ ਆਬਾਦ ਉਏ ਪੰਜਾਬ ਸਿਆਂ
ਅੱਜ ਫੇਰ ਖ਼ਾਨਾ ਹੋ ਰਿਹੈ ਖਰਾਬ ਉਏ ਪੰਜਾਬ ਸਿਆਂ
ਕੁਰਸੀ ਦੇ ਆਸ਼ਿਕਾਂ ਨੇ ਖਿੱਚੀਆਂ ਲਕੀਰਾਂ ਸੀ
ਇੱਜ਼ਤਾਂ ਤੇ ਜਾਨਾਂ ਦੋਵੇਂ ਪਾਸੇ ਹੋਈਆਂ ਲੀਰਾਂ ਸੀ
ਬੁਰੀ ਤੇਰੇ ਨਾਲ ਹੋਈ ਬੇਹਿਸਾਬ ਉਏ ਪੰਜਾਬ ਸਿਆਂ
ਅੱਜ ਫੇਰ ਖ਼ਾਨਾ ਹੋ ਰਿਹੈ ਖਰਾਬ ਉਏ ਪੰਜਾਬ ਸਿਆਂ
ਜਿਹੜੀ ਦਿੱਲੀ ਲਈ ਤੂੰ ਜਾਨਾਂ ਪੁੱਤਾਂ ਦੀਆਂ ਵਾਰੀਆਂ
ਓਹੀ ਹਰ ਵਾਰ ਜੜ੍ਹੀਂ ਫੇਰਦੀ ਏ ਆਰੀਆਂ
ਆਏ ਜ਼ਖ਼ਮ ਚੁਰਾਸੀ ਦੇ ਨਾ ਤਾਬ ਉਏ ਪੰਜਾਬ ਸਿਆਂ
ਅੱਜ ਫੇਰ ਖ਼ਾਨਾ ਹੋ ਰਿਹੈ ਖਰਾਬ ਉਏ ਪੰਜਾਬ ਸਿਆਂ
ਢਿੱਡ ਭਰ ਦਿੱਲੀ ਦਿਆਂ ਲਾਡਲਿਆਂ ਪੁੱਤਾਂ ਦਾ
ਤੇਰੇ ਪੱਲੇ ਕਾਹਤੋਂ ਰੋਣਾ ਤੰਗੀਆਂ ਤੇ ਭੁੱਖਾਂ ਦਾ
ਲੱਭ ਕੋਈ ਏਸ ਦਾ ਜਵਾਬ ਉਏ ਪੰਜਾਬ ਸਿਆਂ
ਅੱਜ ਫੇਰ ਖ਼ਾਨਾ ਹੋ ਰਿਹੈ ਖਰਾਬ ਉਏ ਪੰਜਾਬ ਸਿਆਂ
ਤੇਰਿਆਂ ਪੁੱਤਾਂ ਨੂੰ ਜਿਹੜੇ ਨਸ਼ਿਆਂ ’ਤੇ ਲਾਉਂਦੇ ਨੇ
ਹੋਂਦ ਤੇਰੀ ਪਾਲੀਏ ਮਿਟਾ ਦੇਣੀ ਚਾਹੁੰਦੇ ਨੇ
ਬਣਜੀਂ ਨਾ ਬੀਤੇ ਦੀ ਕਿਤਾਬ ਉਏ ਪੰਜਾਬ ਸਿਆਂ
ਅੱਜ ਫੇਰ ਖ਼ਾਨਾ ਹੋ ਰਿਹੈ ਖਰਾਬ ਉਏ ਪੰਜਾਬ ਸਿਆਂ
ਸੰਪਰਕ: +91 95016 35200