ਲਲਿਤ ਆਸਣ - ਹਰਜਿੰਦਰ ਸਿੰਘ ਗੁਲਪੁਰ
Posted on:- 23-06-2015
ਦੇਸ਼ ਵਾਸੀਓ ਦਿੱਲੀ ਦਾ ਰੰਗ ਦੇਖੋ,
ਇੱਕ ਆਰ ਦਿੱਲੀ ਇੱਕ ਪਾਰ 'ਦਿੱਲੀ'
ਇੱਕ ਪਤਝੜਾਂ ਨਾਲ ਦੋ ਚਾਰ ਹੁੰਦੀ,
ਇੱਕ ਰਹਿੰਦੀ ਹੈ ਵਿਚ ਬਹਾਰ 'ਦਿੱਲੀ'।
ਖੜੀ ਹੋ ਕੇ ਚਾਂਦਨੀ ਚੌਂਕ ਅੰਦਰ,
ਕਰਦੀ ਆਈ ਹੈ ਸਿਰਾਂ ’ਤੇ ਵਾਰ 'ਦਿੱਲੀ'।
ਜਿਹੜੇ ਰਾਜਸੀ ਰੋਟੀਆਂ ਸੇਕਦੇ ਨੇ,
ਉਹਨਾਂ ਵਾਸਤੇ ਹੈ ਰੁਜ਼ਗਾਰ 'ਦਿੱਲੀ'।
ਨੈਤਿਕ ਤੌਰ ’ਤੇ ਕਦੇ ਵੀ ਨਹੀਂ ਜਿੱਤੀ,
ਝਲਦੀ ਰਹੀ ਐ ਸਦਾ ਹੀ ਹਾਰ 'ਦਿੱਲੀ'।
ਜਿਹੜੀ ਠੋਸਦੀ ਯੋਗ ਨੂੰ ਸਿਰਾਂ ਉੱਤੇ,
ਨਹੀਂ ਬਹੁਤਿਆਂ ਨੂੰ ਸਵੀਕਾਰ 'ਦਿੱਲੀ'।
ਖੁਰਕ ਹੁੰਦੀ ਜਦ ਦਿੱਲੀ ਦੇ ਨੱਕ ਥੱਲੇ,
'ਛਿੱਕ'ਮਾਰ ਕੇ ਕੱਢੇ ਗੁਬਾਰ 'ਦਿੱਲੀ'।
ਜਿਹੜੇ ਫਸੇ ਚੁਰਾਸੀ ਦੇ ਗੇੜ ਅੰਦਰ,
ਆਖੇ ਉਨ੍ਹਾਂ ਨੂੰ ਜੁੰਡੀ ਦੇ ਯਾਰ 'ਦਿੱਲੀ',
ਰੰਗ ਦਿੱਲੀ ਦਾ ਜਦੋਂ ਵੀ ਖੁਰਨ ਲੱਗੇ,
ਪੂਰੇ ਦੇਸ਼ ਨੂੰ ਕਰੇ ਖੁਆਰ 'ਦਿੱਲੀ'।
ਕਰਕੇ ਯੋਗ ਦੀ ਥਾਂ ’ਤੇ ਲਲਿਤ ਆਸਣ,
ਆਮ ਲੋਕਾਂ ਨੂੰ ਰਹੀ ਹੈ ਚਾਰ 'ਦਿੱਲੀ'।
ਖੂਨ ਲੋਕਾਂ ਦਾ ਚੂਸਦੀ ਜੋਕ ਬਣਕੇ,
ਬਣੀ ਹੋਈ ਹੈ ਸਿਰਾਂ ’ਤੇ ਭਾਰ 'ਦਿੱਲੀ'।
ਸੰਪਰਕ: 0061 469 976214