ਮੌਸਮ ਕੁਝ ਏਦਾਂ ਦਾ -ਅਮਰਜੀਤ ਟਾਂਡਾ
Posted on:- 15-06-2015
ਮੌਸਮ ਕੁਝ ਏਦਾਂ ਦਾ ਹੈ ਬੇਸੁਰੇ ਬੋਲ ਹੋ ਰਹੇ ਨੇ ਰਬਾਬ ਦੇ
ਟੁਰੀ ਫਿਰਦੀ ਹੈ ਅੱਗ ਫ਼ਿਰ ਧੁਖ਼ ਨਾ ਪੈਣ ਰੁੱਖ ਪੰਜਾਬ ਦੇ
ਤੂੰ ਸਾਂਭ ਕੇ ਰੱਖ ਲੈ ਇਹ ਨੰਗੀ ਤਲਵਾਰ ਕਿਸੇ ਕਿੱਲੀ ’ਤੇ
ਅਜੇ ਤਾਂ ਪਹਿਲੇ ਹੀ ਦਿਨ ਨਹੀਂ ਭੁੱਲੇ ਰਾਹਾਂ ਨੂੰ ਵੈਰਾਗ ਦੇ
ਕਦੇ ਹੱਸਦੇ ਸਾਂ ਕੱਠੇ ਰੋ ਵੀ ਲੈਂਦੇ ਸਾਂ ਬਹਿ ਕੇ ਵਿਹੜੇ ’ਚ
ਉੱਡ ਗਏ ਹਾਸੇ ਕਿਹਨੂੰ ਵਿਖਾਈਏ ਅੱਖਾਂ ’ਚ ਹੰਝੂ ਖ਼ਾਬ ਦੇ
ਇੱਕ ਗੀਤ ਹਵਾਵਾਂ ਦਾ ਮਰ ਜਾਂਦਾ ਹੈ ਰੋਜ਼ ਸਾਹਵਾਂ ਵਿਚ
ਘਰ ਘਰ ਬੀਜੀਏ ਰੰਗ ਲੈ ਕੇ ਆਇਆ ਹਾਂ ਕਈ ਗੁਲਾਬ ਦੇ
ਤੈਨੂੰ ਮਿਲਣ ਮੈਂ ਆਉਣਾ ਸੀ ਸੀਨਾ ਖੋਲ੍ਹ ਵਿਖਾਉਣਾ ਸੀ
ਰੁੱਖ ਬਲਦੇ ਸਨ ਰਾਹੀਂ ਪਾਣੀ ਤਪਦੇ ਸਨ ਚਨਾਬ ਦੇ
ਜ਼ਖ਼ਮ ਅੱਗ ਦੇ ਵੱਡੇ ਕਹੋ ਕਿ ਇਹ ਹਰਫਾਂ ਨੂੰ ਨਾ ਲੱਗੇ
ਮਸਾਂ ਸੁਆਏੇ ਨੇ ਰੋਂਦੇ ਵਿਲਕਦੇ ਲਿਖੇ ਸਫ਼ੇ ਕਿਤਾਬ ਦੇ