ਬੰਧਵਾਂ ਭਿਖਾਰੀ –ਰਮਨ ਪ੍ਰੀਤ ਕੌਰ ਬੇਦੀ
Posted on:- 12-06-2015
ਕਾਲਜ ਵੱਲ ਨੂੰ ਜਾਂਦੀ ਨੇ ਅੱਜ ਤੱਕਿਆ ਸੀ ਇੱਕ ਮਾਂ ਦਾ ਜਾਇਆ
ਸੂਰਤ ਸੀ ਉਹਦੀ ਬੜੀ ਨਿਰਾਲੀ ਪਰ ਸੀ ਉਹ ਕਿਸਮਤ ਦਾ ਸਤਾਇਆ
ਲੀੜੇ ਉਹਦੇ ਪਾਟੇ, ਹੱਥ ਕਸੋਰਾ ਜਿਵੇਂ ਕਿਸੇ ਧੱਕੇ ਨਾਲ ਫੜਾਇਆ
ਅੱਖਾਂ ‘ਚ ਉਹਦੇ ਭੁੱਖ ਸੀ ਦਿਖਦੀ, ਆਵਾਜ਼ ਉਹਦੀ ਨੇ ਮੈਨੂੰ ਰਵਾਇਆ
ਭੀਖ ਉਹ ਮੰਗੇ ਪੈਰ ਸੀ ਮੰਗੇ, ਮੂੰਹ ਹੱਥ ਉਹਦੇ ਸਵਾਹ ਨਾਲ ਰੰਗੇ
ਜਿਹਦੇ ਤੋਂ ਵੀ ਭੀਖ ਉਹ ਮੰਗੇ, ਲੋਕੀਂ ਆਖਣ ਜਾ ਤੂੰ ਅੱਗੇ
ਇੱਕ ਨੇ ਉਹਨੂੰ ਥੱਪੜ ਦਿਖਾਇਆ ਦੂਜੇ ਨੇ ਵੀ ਮਾਰ ਭਜਾਇਆ
ਮੈਨੂੰ ਬੜਾ ਤਰਸ ਸੀ ਆਇਆ, ਹਾਰ ਕੇ ਉਹਨੂੰ ਕੋਲ ਬੁਲਾਇਆ
ਪਹਿਲਾਂ ਉਹਦੇ ਹੰਝੂ ਪੁੰਝੇ ਇੱਕ ਗਿਲਾਸ ਪਾਣੀ ਪਿਲਾਇਆ
ਤਿੰਨ ਦਿਨ ਤੋਂ ਹਾਂ ਭੁੱਖਾਂ ਦੀਦੀ ਕਹਿ ਕੇ ਉਹਨੇ ਹੱਥ ਫੈਲਾਇਆ
ਮੈਂ ਪੁੱਛਿਆ ਉਹਨੂੰ , ਮੁੰਡਿਆ ਵੇ ਤੂੰ ਕਿਉਂ ਹੈਂ ਏਨਾ ਘਬਰਾਇਆ
ਕਹਿੰਦਾ ਦੀਦੀ ਮੈਂ ਰੱਜੇ ਘਰ ਦਾ ਚਾਰ ਦਿਨ ਪਹਿਲਾਂ ਇਨ੍ਹਾਂ ਅਗਵਾਹ ਕਰਵਾਇਆ
ਤਿੰਨ ਦਿਨ ਤੋਂ ਹਾਂ ਭੁੱਖਾ ਪਿਆਸਾ ਪਹਿਲਾ ਪਾਣੀ ਤੁਸੀ ਪਿਲਾਇਆ
ਰੱਬ ਦੀ ਮਾਰੀ ਮਾਰ ਤਾਂ ਦੇਖੋ ਜਿਸ ਰੋਟੀ ਨੂੰ ਲੱਤ ਸੀ ਮਾਰਦਾ ਅੱਜ ਉਸੇ ਰੋਟੀ ਦਾ ਤਰਸਾਇਆ
ਇੰਨੇ ਨੂੰ ਇੱਕ ਔਰਤ ਆਈ ਨਾਲ ਉਹਦੇ ਇੱਕ ਮਰਦ ਵੀ ਆਇਆ
ਖਿੱਚ ਕੇ ਉਹਨੂੰ ਲੈ ਗਏ ਏਹ, ਮੈਨੂੰ ਕੁਝ ਸਮਝ ਨਾ ਆਇਆ
ਇੱਕ ਕੁਟੀਆ ‘ਚ ਲੈ ਗਏ ਉਹਨੂੰ ਮਾਰ-ਮਾਰ ਉਹਦਾ ਮੂੰਹ ਸੁਜਾਇਆ
ਫਿਰ ਨੌਂ-ਦਸ ਬੱਚਿਆਂ ਦਾ ਟੋਲਾ ਉਸੇ ਕੁਟੀਆ ਅੰਦਰ ਆਇਆ
ਸਭ ਨੇ ਪੈਸੇ ਫੜਾਏ ਔਰਤ ਨੂੰ, ਪਰ ਇੱਕ ਸੀ ਖਾਲੀ ਹੱਥੀਂ ਆਇਆ
ਖਾਲੀ ਹੱਥ ਵੇਖ ਕੇ ਉਹਦੇ, ਉਹਨੇ ਲੱਤ ‘ਤੇ ਤਿੱਖਾ ਆਰਾ ਚਲਾਇਆ
ਇਹ ਸਭ ਦੇਖ ਬੜਾ ਦੁੱਖ ਲੱਗਾ ਅੱਜ ਲੋਕਾਂ ਨੇ ਇਹ ਧੰਧਾ ਬਣਾਇਆ
ਬੱਚਿਆਂ ਨੂੰ ਅਗਵਾਹ ਕਰ ਕੇ ਕਿਸੇ ਨੂੰ ਵੇਚਿਆ, ਕਿਸੇ ਨੂੰ ਭੀਖ ਮੰਗਣ ‘ਤੇ ਲਾਇਆ
ਬੱਚੇ ਤਾਂ ਰੱਬ ਦਾ ਰੂਪ ਨੇ ਹੁੰਦੇ, ਮਾਂ ਬਾਪ ਨੇ ਹੈ ਇਹੀ ਸਿਖਾਇਆ
ਰੱਬ ਦੀ ਮਾਰ ਤੋਂ ਡਰੋ ਓ ਲੋਕੋ ਤੁਹਾਡਾ ਵੀ ਫਿਰ ਕੁਝ ਨਹੀਂ ਰਹਿੰਦਾ ਜਦ ਉਹਨੇ ਆਪਣਾ ਹੱਥਿਆਰ ਚਲਾਇਆ
Kamal
Nyc keep it up sis 👍 God bless you