ਸੀਨਿਆਂ 'ਚ ਵੈਰਾਗ ਸੁਲਗਿਆ -ਡਾ. ਅਮਰਜੀਤ ਟਾਂਡਾ
Posted on:- 10-06-2015
ਸੀਨਿਆਂ 'ਚ ਵੈਰਾਗ ਸੁਲਗਿਆ
ਰਾਗ ਜਾਗੇ
ਗਲੀਆਂ ਕੂਕੀਆਂ
ਕਾਲੀਆਂ ਰਾਤਾਂ ਨਗਨ ਖੁੱਲ੍ਹੇ ਵਾਲੀਂ
ਘਰਾਂ 'ਚੋਂ ਪਾਗਲ ਹੋ ਹੋ ਚੀਖ਼ੀਆਂ
ਲੱਖਾਂ ਹਨੇਰੇ ਤੜਫ਼ੇ
ਰੋਈਆਂ ਕਈ ਘੰਟੀਆਂ-
ਮੰਦਿਰਾਂ ਨੇ ਦੁਆਵਾਂ ਮੰਗੀਆਂ-
ਚਿਖਾਵਾਂ 'ਚੋਂ ਮਾਵਾਂ ਦੀਆਂ-
ਜਲ ਰਹੀਆਂ ਅਵਾਜ਼ਾਂ ਬੋਲੀਆਂ-
ਮੇਰੇ ਘਰਾਂ ਨੂੰ ਹੋਰ ਲਾਂਬੂ ਨਾ ਲਾਓ
ਰਹਿਣ ਦਿਓ ਹੱਸਦੇ ਵਸਦੇ ਪਿੰਡਾਂ ਸ਼ਹਿਰਾਂ ਨੂੰ
ਪੰਜਾਬ ਨੇ ਤਾਂ ਪਹਿਲਾਂ ਹੀ ਬਹੁਤ
ਹੰਢਾਏ ਨੇ- ਦੁੱਖ
ਹਵਾਵਾਂ ਜ਼ਖ਼ਮੀ ਨੇ, ਰੁੱਖ ਦਰਿਆ ਬਲ ਰਹੇ ਹਨ-
ਮੇਰੇ ਕੋਲੋਂ ਤਾਂ ਮਰਮਾਂ ਵੀ ਮੁੱਕ ਗਈਆਂ ਨੇ
ਇਹਦੇ ਜ਼ਖ਼ਮਾਂ ’ਤੇ ਲਾਉਣ ਲਈ
ਸਿਰ ’ਤੇ ਲੀੜਾ ਵੀ ਨਹੀਂ ਬਚਿਆ
ਕਿ ਹੋਰ ਪੱਟੀਆਂ ਕਰ ਸਕਾਂ-
ਰੱਖ ਸਕਾਂ ਇਹਦੀਆਂ ਪਲਕਾਂ ’ਤੇ ਫ਼ੇਹੇ
ਮੇਰਿਓ ਪੁੱਤਰੋ-
ਬੁਝਾ ਦਿਓ ਇਹ ਬਲਦੀਆਂ ਅੱਗਾਂ
ਸਾਂਭ ਲਓ ਖੂਨੀ ਲੱਥਪੱਥ ਪੱਗਾਂ
ਮੇਰੇ ਕੋਲ ਹੋਰ ਪੁੱਤ ਨਾ ਵਾਧੂ
ਲੋਰੀਆਂ ਵਾਲੀ ਰੁੱਤ ਨਾ ਵਾਧੂ
ਖੜ੍ਹਨ ਚੁਰਾਹੇ ਬੁੱਤ ਨਾ ਵਾਧੂ
ਰਾਤਾਂ ਵਰਗੀ ਚੁੱਪ ਨਾ ਵਾਧੂ
ਉਹ ਅੱਗੇ ਆਓ-
ਜਿਹਨਾਂ ਨੇ 'ਕੱਲਿਆਂ
ਕਦੇ ਮਾਛੀਵਾੜੇ ਜੰਗਲ ਚ ਰਾਤ ਕੱਟੀ ਹੋਵੇ
ਕੰਡਿਆਂ ’ਤੇ ਸੁੱਤੇ ਹੋਣ ਭੁੱਖੇ ਪਿਆਸੇ
ਆਓ ਕੋਈ ਤਾਂ ਹਿੱਕ ਵਿਖਾਓ
ਪੁੱਤਰਾਂ ਨੂੰ ਆਪ ਸਜਾ ਕੇ ਗੜ੍ਹੀ ਤੋਂ ਟੋਰਨ ਵਾਲੀ
ਕੌਣ ਹੈ ਤੁਹਾਡੇ 'ਚ-
ਜਿਹਨੇ ਕਦੇ ਅੱਖਾਂ ਸਾਹਮਣੇ ਚੰਨ, ਜਿਗਰ ਦੇ ਟੁੱਕੜੇ
ਨੀਂਹਾਂ 'ਚ ਜ਼ਿੰਦਾ ਚਿਣਵਾਏ ਹੋਣ-
ਤੇ ਹੰਝੂ ਵੀ ਨਾ ਕੇਰੇ ਹੋਣ-
ਮਾਵਾਂ ਦੀਆਂ ਚੀਖਾਂ ਸੁਣ-
ਧਰਤ ਹਿੱਲੀ-ਸਮਾਂ ਕੰਬਿਆ
ਪਰਬਤ ਹਿੱਲੇ-ਸਮੁੰਦਰ 'ਚ ਤੂਫ਼ਾਨ ਜਾਗੇ
ਨਹੀਂ ਵੇ ਮੇਰਿਓ ਪੁੱਤਰੋ-
ਮੇਰੇ ਪਾਣੀਆਂ ਨੂੰ ਹੋਰ ਅੱਗਾਂ ਨਾ ਲਾਓ
ਮੈਥੋਂ ਤਾਂ ਅਜੇ
ਸਤਲੁਜ ਦੇ ਕਿਨਾਰਿਆਂ ਤੇ ਪੁੱਤਾਂ ਦੀਆਂ
ਬਲਦੀਆਂ ਚਿਖਾਵਾਂ ਨਹੀਂ ਬੁਝਾ ਹੋਈਆਂ
ਤੇ ਨਾ ਅਜੇ ਰੋਂਦੀ ਉਹ ਰੇਤ ਵਿਰਾ ਹੋਈ
ਨਾ ਹੀ ਸਿਸਕਦੀ ਪੌਣ ਸੁਆ ਹੋਈ-
ਬਸ ਕਰੋ ਹੁਣ
ਬਹੁਤ ਜਲ ਗਏ ਨੇ ਰੁੱਖ
ਬਲ ਗਏ ਨੇ ਜੰਗਲ-
ਚੱਪਾ ਕੁ ਰਹਿਣ ਦਿਓ ਬਚੀ ਧਰਤ
ਕਿ ਮੇਰੇ ਨਿੱਕੇ ਕਦੇ ਨੱਚ ਸਕਣ
ਦੋ ਚਾਰ ਰਹਿਣ ਦਿਓ ਫੁੱਲ
ਕਿ ਮਹਿਕਾਂ ਕਦੇ ਹੱਸ ਸਕਣ